Site icon TheUnmute.com

ਪੰਜਾਬ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ, ਸਹਿਕਾਰੀ ਬੈਂਕ ਦੇ ਵੱਡੇ ਕਰਜ਼ਿਆਂ ‘ਤੇ 1 ਮਹੀਨੇ ਲਈ ਨਹੀਂ ਲੱਗੇਗੀ ਪ੍ਰੋਸੈਸਿੰਗ ਫੀਸ

Cooperative Bank

ਚੰਡੀਗੜ੍ਹ, 17 ਅਕਤੂਬਰ 2024: ਪੰਜਾਬ ਸਰਕਾਰ ਨੇ ਪੰਜਾਬ ਰਾਜ ਸਹਿਕਾਰੀ ਬੈਂਕ (Cooperative Bank) ਦੇ ਖਾਤਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ | ਸੂਬਾ ਸਰਕਾਰ ਵੱਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਾ ਧਾਰਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸਾਰੇ ਵੱਡੇ ਕਰਜ਼ਿਆਂ ‘ਤੇ ਇਕ ਮਹੀਨੇ ਲਈ ਕੋਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ ਕੀਤਾ ਗਿਆ ਹੈ।

ਇਸ ਸੰਬੰਧੀ ਸੀਐੱਮ ਮਾਨ ਨੇ ਕਿਹਾ ਕਿ ਦੀਵਾਲੀ ਦੇ ਤਿਓਹਾਰ ਮੌਕੇ ਲੋਕ ਖਰੀਦਦਾਰੀ ਕਰਦੇ ਹਨ ਅਤੇ ਇਹ ਪੇਸ਼ਕਸ਼ ਬੈਂਕ ਦੇ ਗ੍ਰਾਹਕਾਂ ਨੂੰ ਆਉਣ ਵਾਲੇ ਤਿਉਹਾਰਾਂ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਸਹੂਲਤ ਦੇਣਾ ਅਤੇ ਸਹਿਕਾਰੀ ਬੈਂਕਾਂ ‘ਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਜ਼ੀਰੋ ਪ੍ਰੋਸੈਸਿੰਗ ਫੀਸ ਸੀਮਤ ਸਮੇਂ ਲਈ ਹੈ ਅਤੇ ਇਹ 15 ਅਕਤੂਬਰ ਤੋਂ 15 ਨਵੰਬਰ 2024 ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਬੈਂਕ ਦੁਆਰਾ ਇਹ ਪੇਸ਼ਕਸ਼ ਚੰਡੀਗੜ੍ਹ ਸਥਿਤ ਆਪਣੀਆਂ 18 ਸ਼ਾਖਾਵਾਂ ਰਾਹੀਂ ਆਪਣੇ ਗਾਹਕਾਂ ਨੂੰ ਨਿੱਜੀ, ਖਪਤਕਾਰ ਅਤੇ ਵਾਹਨ ਲੋਨ ਦੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਹੈ।

ਇਸ ਤਹਿਤ ਪੰਜਾਬ ਰਾਜ ਸਹਿਕਾਰੀ ਬੈਂਕ (Cooperative Bank) ਤਿਉਹਾਰਾਂ ਦੌਰਾਨ ਗਾਹਕਾਂ ਨੂੰ ਇਨ੍ਹਾਂ ਕਰਜ਼ਿਆਂ ‘ਤੇ ਪ੍ਰੋਸੈਸਿੰਗ ਫੀਸ/ਚਾਰਜਿਜ਼ ‘ਚ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਸਰਕਾਰੀ ਅਦਾਰਿਆਂ ਦੇ ਤਨਖ਼ਾਹਦਾਰ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਲੋੜਾਂ ਪੂਰੀਆਂ ਕਰਨ ਅਤੇ ਘਰਾਂ ਲਈ ਖਪਤਕਾਰ ਟਿਕਾਊ ਵਸਤੂਆਂ ਨੂੰ ਖਰੀਦਣ ਲਈ ਨਿੱਜੀ ਅਤੇ ਖਪਤਕਾਰ ਕਰਜ਼ੇ ਪ੍ਰਦਾਨ ਕਰ ਰਿਹਾ ਹੈ। ਭਗਵੰਤ ਮਾਨ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਇਸ ਬੈਂਕ ਤੋਂ ਸਸਤੀਆਂ ਦਰਾਂ ‘ਤੇ ਵਾਹਨ ਕਰਜ਼ਾ ਲੈ ਕੇ ਕੋਈ ਵੀ ਪਰਿਵਾਰ ਆਪਣੇ ਸੁਪਨਿਆਂ ਦੀ ਕਾਰ ਦੀ ਸਵਾਰੀ ਦਾ ਆਨੰਦ ਲੈ ਸਕਦਾ ਹੈ।

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਕਰਜ਼ੇ ਦਾ ਲਾਭ ਲੈਣ ਵਾਲੇ ਗਾਹਕਾਂ ਨੂੰ ਪੇਸ਼ਕਸ਼ ਦੀ ਮਿਆਦ ਦੌਰਾਨ ਨਿੱਜੀ ਕਰਜ਼ਿਆਂ, ਖਪਤਕਾਰਾਂ ਦੇ ਕਰਜ਼ਿਆਂ ਅਤੇ ਵਾਹਨ ਕਰਜ਼ਿਆਂ ਲਈ ਕੋਈ ਪ੍ਰੋਸੈਸਿੰਗ ਫੀਸ/ਚਾਰਜ ਦਾ ਭੁਗਤਾਨ ਨਹੀਂ ਕਰਨਾ ਪਵੇਗਾ |

ਉਨ੍ਹਾਂ ਕਿਹਾ ਕਿ ਗਾਹਕ ਇਸ ਪੇਸ਼ਕਸ਼ ਦਾ ਲਾਭ ਲੈਣ ਲਈ ਚੰਡੀਗੜ੍ਹ ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀਆਂ 18 ਸ਼ਾਖਾਵਾਂ ‘ਚੋਂ ਕਿਸੇ ਵੀ ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਸਹਿਕਾਰੀ ਖੇਤਰ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ ।

Exit mobile version