Site icon TheUnmute.com

ਜ਼ਿਲ੍ਹਾ ਵੈਬਕਾਸਟਿੰਗ ਕੰਟਰੋਲ ਰੂਮ ਨੇ ਲਾਈਵ ਪੋਲਿੰਗ ’ਤੇ ਨੇੜਿਓਂ ਨਜ਼ਰ ਰੱਖਣ ਚ ਅਹਿਮ ਭੂਮਿਕਾ ਨਿਭਾਈ

Webcasting Control Room

ਐਸ.ਏ.ਐਸ.ਨਗਰ, 01 ਜੂਨ, 2024: ਮੋਹਾਲੀ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਮਤਦਾਨ ਨੂੰ ਨਿਰਵਿਘਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਪੱਧਰੀ ਵੈਬਕਾਸਟਿੰਗ ਕੰਟਰੋਲ ਰੂਮ (Webcasting Control Room) ਰਾਹੀਂ ਲਾਈਵ ਪੋਲਿੰਗ ’ਤੇ ਨੇੜਿਉਂ ਨਜ਼ਰ ਰੱਖੀ।

ਅੱਜ ਵੈਬਕਾਸਟਿੰਗ ਕੰਟਰੋਲ ਰੂਮ (Webcasting Control Room) ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਾਰੇ 825 ਪੋਲਿੰਗ ਬੂਥਾਂ ’ਤੇ ਹੋਣ ਵਾਲੀ ਸਮੁੱਚੀ ਪੋਲਿੰਗ ਦੀ ਨਿਗਰਾਨੀ ਕੰਟਰੋਲ ਰੂਮ ਵਿੱਚ ਲਗਾਈ ਗਈ ਵੱਡੀ ਸਕਰੀਨ ਤੋਂ ਇਲਾਵਾ ਇਨ੍ਹਾਂ ਸਾਰੇ ਪੋਲਿੰਗ ਬੂਥਾਂ ਤੋਂ ਵਿਜ਼ੂਅਲ ਦੇ ਸਥਿਰ ਪ੍ਰਸਾਰਣ ਲਈ ਇੰਟਰਨੈਟਹਾਈ ਸਪੀਡ ਦੀ ਸਹੂਲਤ ਵਾਲੇ 20 ਕੰਪਿਊਟਰਾਂ ਰਾਹੀਂ ਕੀਤੀ ਗਈ।

ਆਸ਼ਿਕਾ ਜੈਨ ਨੇ ਕਿਹਾ ਕਿ ਲਾਈਵ ਵੈਬਕਾਸਟਿੰਗ ਲਈ ਸਾਰੇ ਬੂਥਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ ਅਤੇ ਵੋਟਿੰਗ ਪ੍ਰਕਿਰਿਆ ਦੀ ਨਿਰਵਿਘਨ ਸਟ੍ਰੀਮਿੰਗ ਨੂੰ ਯਕੀਨੀ ਬਣਾਉਣ ਲਈ ਇਹ ਹਾਈ-ਸਪੀਡ ਇੰਟਰਨੈਟ ਨਾਲ ਜੁੜੇ ਹੋਏ ਹਨ, ਜਿਸ ਰਾਹੀਂ ਮੁੱਖ ਚੋਣ ਅਧਿਕਾਰੀ ਅਤੇ ਆਰ.ਓਜ਼ ਅਤੇ ਏ.ਆਰ.ਓਜ਼ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਪ੍ਰਕਿਰਿਆ ਦੀ ਨਿਗਰਾਨੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਅਭਿਆਸ ਨਾ ਸਿਰਫ਼ ਕਿਸੇ ਵੀ ਗੜਬੜੀ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਬਲਕਿ ਕਤਾਰਾਂ ਵਿੱਚ ਖੜ੍ਹੇ ਵੋਟਰਾਂ, ਅਸਲ ਸਮੇਂ ਵਿੱਚ ਪੋਲਿੰਗ ਪ੍ਰਕਿਰਿਆ ਆਦਿ ਦੀ ਜਾਂਚ ਕਰਨ ਵਿੱਚ ਵੀ ਮਦਦ ਕਰੇਗਾ।

ਜ਼ਿਲ੍ਹਾ ਨੋਡਲ ਅਫ਼ਸਰ ਵੈਬਕਾਸਟਿੰਗ ਖੁਸ਼ਦਿਲ ਸਿੰਘ, ਪੀ ਸੀ ਐਸ, ਅਸਟੇਟ ਅਫ਼ਸਰ (ਹਾਊਸਿੰਗ) ਗਮਾਡਾ ਨੇ ਦੱਸਿਆ ਕਿ ਜ਼ਿਲ੍ਹਾ ਵੈਬਕਾਸਟਿੰਗ ਕੰਟਰੋਲ ਰੂਮ ਲਾਈਵ ਸਟ੍ਰੀਮਿੰਗ ਵਿੱਚ ਸਾਰੀਆਂ ਨਵੀਨਤਮ ਕਨੈਕਟੀਵਿਟੀ ਤਕਨੀਕਾਂ ਨਾਲ ਲੈਸ ਹੈ। ਕੰਟਰੋਲ ਸੈਂਟਰ ਇਹ ਯਕੀਨੀ ਬਣਾਉਂਦਾ ਹੈ ਕਿ ਪੋਲਿੰਗ ਬੂਥਾਂ ’ਤੇ ਸੁਰੱਖਿਆ ਪ੍ਰਬੰਧਾਂ ਨਾਲ ਕੋਈ ਸਮਝੌਤਾ ਨਾ ਹੋਵੇ, ਗਰਮੀ ਦੀ ਲਹਿਰ ਦੌਰਾਨ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਹੋਣ ਦੀ ਸਥਿਤੀ ਵਿੱਚ ਪੋਲਿੰਗ ਪ੍ਰਕਿਰਿਆ ਨੂੰ ਤੇਜ਼ ਕਰਨ, ਵੋਟ ਪਾਉਣ ਦੀ ਗੁਪਤਤਾ ਬਣਾਈ ਰੱਖਣ ਅਤੇ ਭਵਿੱਖ ਵਿੱਚ ਕਿਸੇ ਵੀ ਸ਼ੱਕ-ਸ਼ੁਬ੍ਹੇ ਦੀ ਸਥਿਤੀ ਵਿੱਚ ਰਿਕਾਰਡ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਟਰੋਲ ਸੈਂਟਰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੋਲਿੰਗ ਸਟਾਫ਼ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਬੂਥ ਦੇ ਬਾਹਰ ਵੋਟਰਾਂ ਦੀਆਂ ਕਤਾਰਾਂ ਦੀ ਪਹਿਲੀ ਵੋਟ ਤੋਂ ਸ਼ੁਰੂ ਹੋ ਕੇ ਆਖਰੀ ਭੁਗਤਣ ਵਾਲੀ ਵੋਟ ਤੱਕ ਨਿਗਰਾਨੀ ਰੱਖੀ ਜਾਂਦੀ ਹੈ।

Exit mobile version