Site icon TheUnmute.com

ਪਿੰਡਾਂ ਨੂੰ ODF ਪਲੱਸ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਗ੍ਰੀਨ ਜ਼ੋਨ ‘ਚ ਸ਼ਾਮਲ ਹੋਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਿਆ: DC ਜਤਿੰਦਰ ਜੋਰਵਾਲ

Sangrur

ਸੰਗਰੂਰ, 24 ਅਪ੍ਰੈਲ 2023: ਸਵੱਛ ਭਾਰਤ ਮਿਸ਼ਨ ( ਗ੍ਰਾਮੀਣ) ਤਹਿਤ ਪਿੰਡਾਂ ਨੂੰ ਓਡੀਐਫ ਪਲੱਸ ਕਰਨ ਦੀ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ (Sangrur) ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਵਚਨਬੱਧਤਾ ਨਾਲ ਕਾਰਜਸ਼ੀਲ ਰਹਿਣ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਹੁ ਗਿਣਤੀ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਜਿਸ ਤਹਿਤ ਇਹ ਮਾਣ ਹਾਸਲ ਹੋਇਆ ਹੈ।ਜੋਰਵਾਲ ਨੇ ਦੱਸਿਆ ਕਿ ਮੰਡਵੀ, ਮੰਗਵਾਲ, ਫਰਵਾਹੀ, ਰਾਏ ਧਰਾਨਾ, ਨੂਰਪੁਰਾ, ਖਨਾਲ ਕਲਾਂ, ਮਾਝੀ, ਬਖਤਰੀ, ਭੱਦਲਵੱਡ ਅਤੇ ਪੁੰਨਾਵਾਲ ਸਮੇਤ ਜ਼ਿਲ੍ਹੇ ਦੇ 108 ਅਜਿਹੇ ਪਿੰਡ ਹਨ ਜਿਥੇ ਤਰਲ ਕੂੜਾ ਪ੍ਰਬੰਧਨ ਜਾਂ ਠੋਸ ਕੂੜਾ ਪ੍ਰਬੰਧਨ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਨੇ ਓ ਡੀ ਐਫ ਪਲੱਸ ਦਾ ਦਰਜਾ ਹਾਸਿਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਓ ਡੀ ਐਫ ਪਲੱਸ ਤਹਿਤ ਹਰੇ ਜ਼ੋਨ ਵਿੱਚ ਸ਼ਾਮਲ ਕਰਨ ਤੋਂ ਬਾਅਦ ਵਿਭਾਗੀ ਟੀਮਾਂ ਹੋਰ ਵੀ ਉਤਸ਼ਾਹ ਨਾਲ ਇਸ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋ ਗਈਆਂ ਹਨ।

ਜੋਰਵਾਲ ਨੇ ਐਕਸੀਅਨ ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਸਮੇਤ ਇਸ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਹੀ ਜ਼ਿਲ੍ਹਾ ਸੰਗਰੂਰ (Sangrur) ਦੇ 107 ਹੋਰ ਪਿੰਡਾਂ ਵਿਖੇ ਠੋਸ ਕੂੜਾ ਪ੍ਰਬੰਧਨ ਲਈ ਅਤੇ 121 ਪਿੰਡਾਂ ਵਿਖੇ ਤਰਲ ਕੂੜਾ ਪ੍ਰਬੰਧਨ ਲਈ ਫ਼ੰਡ ਪ੍ਰਾਪਤ ਹੋ ਚੁਕੇ ਹਨ ਅਤੇ ਇਹਨਾਂ ਪਿੰਡਾਂ ਲਈ ਇਹ ਪ੍ਰੋਜੈਕਟ ਸ਼ੁਰੂ ਕਰਵਾਉਣ ਲਈ 15ਵੇਂ ਵਿੱਤ ਕਮਿਸ਼ਨ ਅਤੇ ਮਗਨਰੇਗਾ ਦੇ ਫ਼ੰਡ ਉਪਲਬਧ ਕਰਵਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਪਿੰਡਾਂ ਵਿਖੇ ਵੀ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕੀਤਾ ਜਾ ਸਕੇ।

Exit mobile version