25 ਸਤੰਬਰ ਦੇ ਦੇਸ਼ ਵਿਆਪੀ ਬੰਦ 'ਤੇ ਜ਼ਿਲ੍ਹਾ ਨਵਾਂਸ਼ਹਿਰ ਕੀਤਾ ਜਾਵੇਗਾ ਮੁਕੰਮਲ ਬੰਦ - ਕਿਸਾਨ ਆਗੂ

25 ਸਤੰਬਰ ਨੂੰ ਭਾਰਤ ਬੰਦ ਦੇ ਮੱਦੇਨਜ਼ਰ ਜ਼ਿਲ੍ਹਾ ਨਵਾਂਸ਼ਹਿਰ ਕੀਤਾ ਜਾਵੇਗਾ ਮੁਕੰਮਲ ਬੰਦ – ਕਿਸਾਨ ਆਗੂ

ਚੰਡੀਗੜ੍ਹ,4 ਸਤੰਬਰ 2021 – ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ 25 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਉੱਤੇ ਇਸ ਜਿਲੇ ਵਿਚ ਮੁਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧੀ ਅੱਜ ਰਿਲਾਇੰਸ ਸਟੋਰ ਤੇ ਅੱਗੇ ਚੱਲਦੇ ਕਿਸਾਨੀ ਧਰਨੇ ਤੇ ਮੋਰਚੇ ਦੀ ਮੀਟਿੰਗ ਹੋਈ।

ਇਸ ਮੀਟਿੰਗ ਨੂੰ ਮੋਰਚੇ ਦੇ ਜਿਲਾ ਆਗੂਆਂ ਸੁਰਿੰਦਰ ਸਿੰਘ ਬੈਂਸ ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਤੰਤਰ ਕੁਮਾਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਰਣਜੀਤ ਸਿੰਘ ਰਟੈਂਡਾ,ਜਮਹੂਰੀ ਕਿਸਾਨ ਯੂਨੀਅਨ ਦੇ ਆਗੂ ਸਤਨਾਮ ਸਿੰਘ ਗੁਲਾਟੀ ਨੇ ਸੰਬੋਧਨ ਕੀਤਾ।

ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂਆਂ ਨੇ 25 ਸਤੰਬਰ ਨੂੰ ਭਾਰਤ ਬੰਦ ਰੱਖਣ ਦਾ ਦੇਸ਼ ਵਿਆਪੀ ਸੱਦਾ ਦਿੱਤਾ ਹੈ ਜਿਸਨੂੰ ਇਸ ਜਿਲੇ ਵਿਚ ਪੂਰਨ ਤੌਰ ਉੱਤੇ ਲਾਗੂ ਕੀਤਾ ਜਾਵੇਗਾ।ਜਿਸਦੀ ਤਿਆਰੀ ਲਈ ਦਿਨ ਰਾਤ ਇਕ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਅਤੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੀ ਹੈ |

ਇਹ ਵੀ ਪੜੋ : ਸੁਖਬੀਰ ਸਿੰਘ ਬਾਦਲ ਨੇ ਮਲੂਕਾ ਨੁੰ ਰਾਮਪੁਰਾ ਫੂਲ ਤੋਂ ਚੋਣ ਲੜਨ ਲਈ ਮਨਾਇਆ

ਪਰ ਇਹਨਾਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਘੋਲ ਹੁਣ ਸਮੁੱਚੇ ਦੇਸ਼ ਵਿਚ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਜਿਸ ਅੱਗੇ ਮੋਦੀ ਸਰਕਾਰ ਟਿਕ ਨਹੀਂ ਸਕੇਗੀ ਅਤੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਹੀ ਪਵੇਗਾ।

ਆਗੂਆਂ ਨੇ ਕਿਹਾ ਕਿ ਬੰਦ ਨੂੰ ਸਫਲ ਬਣਾਉਣ ਲਈ ਵਪਾਰੀਆਂ, ਟਰੇਡ ਯੂਨੀਅਨਾਂ, ਟਰਾਂਸਪੋਰਟ ਅਦਾਰਿਆਂ, ਪੇਂਡੂ ਮਜਦੂਰਾਂ, ਔਰਤ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ, ਰੇਹੜੀ ਕਾਮਿਆਂ ਨਾਲ ਸੰਪਰਕ ਕਰਕੇ ਉਹਨਾਂ ਦੀ ਵੀ ਇਸ ਬੰਦ ਵਿਚ ਸਰਗਰਮ ਸ਼ਮੂਲੀਅਤ ਕਰਵਾਈ ਜਾਵੇਗੀ।

ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 5 ਸਤੰਬਰ ਨੂੰ ਯੂ ਪੀ ਦੇ ਮੁਜੱਫਰਪੁਰ ਵਿਖੇ ਕੀਤੀ ਜਾ ਰਹੀ ਮਹਾ ਪੰਚਾਇਤ ਵਿਚ ਇਸ ਜਿਲੇ ਵਿਚੋਂ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ।ਅੱਜ ਦੀ ਮੀਟਿੰਗ ਵਿਚ ਮੋਗਾ ਵਿਖੇ ਪੁਲਸ ਵਲੋਂ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਨਿੰਦਾ ਕਰਦਿਆਂ ਕਿਸਾਨ ਆਗੂਆਂ ਅਤੇ ਵਰਕਰਾਂ ਵਿਰੁੱਧ ਦਰਜ ਪੁਲਸ ਕੇਸ ਰੱਦ ਕਰਨ ਦੀ ਮੰਗ ਕੀਤੀ।

Scroll to Top