Site icon TheUnmute.com

ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇਅ ਅਤੇ ਪਡਿਆਲਾ ਦੇ ਕਿਸਾਨਾਂ ਵਿਚਕਾਰ ਪੈਦਾ ਹੋਏ ਟਕਰਾਅ ਨੂੰ ਖ਼ਤਮ ਕਰਨ ‘ਚ ਕਾਮਯਾਬੀ ਹਾਸਲ ਕੀਤੀ

NHAI

ਖਰੜ/ਐਸ.ਏ.ਐਸ. ਨਗਰ, 19 ਅਕਤੂਬਰ, 2023: ਅੱਜ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਡਿਆਲਾ ਰੋਡ ਤੇ ਲੱਗੇ ਜਾਮ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ। ਕਿਸਾਨਾਂ ਨੇ ਐਨ ਐਚ ਏ ਆਈ (NHAI) ਦੇ ਅਧਿਕਾਰੀਆਂ ਤੋਂ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕ ਲਿਆ ਅਤੇ ਸੜਕ ਦਾ ਕੰਮ ਦੁਬਾਰਾ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਲਿੱਪ ਰੋਡ, ਨਿਕਾਸੀ ਪਾਣੀ ਦੇ ਨਿਕਾਸ ਲਈ ਪੁਲੀਆਂ ਅਤੇ ਦੋ ਪੁਲਾਂ ਦੀ ਮੰਗ ਨੂੰ ਲੈ ਕੇ ਪਡਿਆਲਾ ਦੇ ਕਿਸਾਨ ਅਤੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ।

ਅੱਜ ਉਪ ਮੰਡਲ ਮੈਜਿਸਟਰੇਟ ਖਰੜ ਰਵਿੰਦਰ ਸਿੰਘ ਨੇ ਡੀ ਐਸ ਪੀ ਮੁੱਲਾਂਪੁਰ ਧਰਮਵੀਰ ਸਿੰਘ ਅਤੇ ਐਨ ਐਚ ਏ ਆਈ (NHAI) ਅਧਿਕਾਰੀਆਂ ਨੂੰ ਨਾਲ ਲੈ ਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਦੋਵਾਂ ਧਿਰਾਂ ਨੇ ਆਪੋ-ਆਪਣੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਦੁਵੱਲੀ ਗੱਲਬਾਤ ਦੌਰਾਨ, ਕਿਸਾਨਾਂ/ਪਿੰਡ ਵਾਸੀਆਂ ਅਤੇ ਨੈਸ਼ਨਲ ਹਾਈਵੇਅ ਨੇ ਸਹਿਮਤੀ ਬਣਾਈ ਕਿ ਪਿੰਡ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਕੰਮ ਮੁੜ ਸ਼ੁਰੂ ਕੀਤਾ ਜਾਵੇਗਾ।

ਐਸ.ਡੀ.ਐਮ ਰਵਿੰਦਰ ਸਿੰਘ ਅਤੇ ਡੀ.ਐਸ.ਪੀ.ਧਰਮਵੀਰ ਨੇ ਇਸ ਗਤੀਰੋਧ ਨੂੰ ਤੋੜਨ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਿਸਾਨਾਂ/ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਸਾਰੀ ਕਾਰਜਾਂ ‘ਤੇ ਤਿੱਖੀ ਨਜ਼ਰ ਰੱਖਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਪ੍ਰਸ਼ਾਸਨ ਦੇ ਭਰੋਸੇ ’ਤੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਸੜਕ ਤੋਂ ਜਾਮ ਹਟਾ ਲਿਆ।

Exit mobile version