ਪਟਿਆਲਾ, 11 ਜੁਲਾਈ 2023: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਪਣੀ ਧੀ ਜੈ ਇੰਦਰ ਕੌਰ ਨਾਲ ਪਟਿਆਲਾ ਦੇ ਬੜੀ ਨਦੀ ਨੂੰ ਰਵਾਇਤੀ ਨੱਥ ਅਤੇ ਚੂੜਾ ਭੇਂਟ ਕੀਤਾ। ਪ੍ਰਨੀਤ ਕੌਰ (MP Preneet Kaur) ਅਤੇ ਜੈ ਇੰਦਰ ਕੌਰ ਨੇ ਸਭ ਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿਖੇ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਮੱਥਾ ਟੇਕਿਆ, ਜਿੱਥੇ ਪਟਿਆਲਾ ਅਤੇ ਪੰਜਾਬ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਰਦਾਸ ਅਤੇ ਪੂਜਾ ਕੀਤੀ ਗਈ ਅਤੇ ਫਿਰ ਉਨ੍ਹਾਂ ਨੇ ਪਟਿਆਲਾ ਦੀ ਬੜੀ ਨਦੀ ਵਿਖੇ ਨੱਥ ਅਤੇ ਚੂੜਾ ਭੇਟ ਕੀਤਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ (MP Preneet Kaur) ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਟਿਆਲਾ ਅਤੇ ਪੰਜਾਬ ਦੇ ਹੋਰ ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਹ ਪਟਿਆਲਾ ਦੀ ਸਦੀਆਂ ਪੁਰਾਣੀ ਰਵਾਇਤ ਹੈ ਅਤੇ ਪਟਿਆਲਾ ਦੇ 1993 ਦੇ ਹੜ੍ਹਾਂ ਦੌਰਾਨ ਵੀ ਇਹ ਕੀਤਾ ਗਿਆ ਸੀ।”
ਉਨ੍ਹਾਂ ਨੇ ਅੱਗੇ ਦੱਸਿਆ, “ਸਭ ਤੋਂ ਪਹਿਲਾਂ ਅਸੀਂ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਜੀ ਕਿਲਾ ਮੁਬਾਰਕ ਵਿਖੇ ਪੂਜਾ ਅਰਚਨਾ ਅਤੇ ਅਰਦਾਸ ਕੀਤੀ ਅਤੇ ਫਿਰ ਇੱਥੇ ਮੈਂ ਅਤੇ ਮੇਰੀ ਬੇਟੀ ਜੈ ਇੰਦਰ ਕੌਰ ਨੇ ਪਟਿਆਲਾ ਦੀ ਬੜੀ ਨਦੀ ਨੂੰ ਰਵਾਇਤੀ ਵਸਤੂਆਂ ਭੇਂਟ ਕੀਤੀਆਂ। ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਸਾਰੀਆਂ ਤੇ ਮੇਹਰ ਕਰਨ ਅਤੇ ਅਸੀਂ ਸਾਰੇ ਇਸ ਸਮੱਸਿਆ ਤੋਂ ਉਭਰ ਸਕੀਏ।”
ਪਟਿਆਲਾ ਦੇ ਸੰਸਦ ਮੈਂਬਰ ਨੇ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਸਾਡਾ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਫੌਜ ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ ਅਤੇ ਲੋੜਵੰਦ ਲੋਕਾਂ ਨੂੰ ਬਚਾ ਰਹੀ ਹੈ। ਮੈਂ ਪਟਿਆਲਾ ਦੇ ਲੋਕਾਂ ਨੂੰ ਨਾ ਘਬਰਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਵਿੱਚ ਉਨ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕਰਦੀ ਹਾਂ। ਲੋੜ ਪੈਣ ‘ਤੇ ਲੋਕ ਪ੍ਰਸ਼ਾਸਨ ਦੁਆਰਾ ਬਣਾਏ ਗਏ ਵਿਸ਼ੇਸ਼ ਸ਼ੈਲਟਰਾਂ ਵਿੱਚ ਅਸਥਾਈ ਤੌਰ ‘ਤੇ ਪ੍ਰਵਾਸ ਵੀ ਕਰ ਸਕਦੇ ਹਨ।”
ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ, “ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਅੱਜ ਆਉਣਾ ਸੀ ਪਰ ਖਰਾਬ ਮੌਸਮ ਕਾਰਨ ਉਹ ਯਾਤਰਾ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਮੈਨੂੰ ਅਤੇ ਜੈ ਇੰਦਰ ਨੂੰ ਇਸ ਪਰਿਵਾਰਕ ਪਰੰਪਰਾ ਨੂੰ ਪੂਰਾ ਕਰਨ ਲਈ ਬੇਨਤੀ ਕੀਤੀ ਹੈ।’
ਵਿਰੋਧੀ ਧਿਰ ਦੀਆਂ ਟਿੱਪਣੀਆਂ ਬਾਰੇ ਪੁੱਛੇ ਸਵਾਲ ‘ਤੇ ਪ੍ਰਨੀਤ ਕੌਰ ਨੇ ਕਿਹਾ, ‘ਅੱਜ ਦਾ ਦਿਨ ਰਾਜਨੀਤੀ ਕਰਨ ਦਾ ਨਹੀਂ ਹੈ ਅਤੇ ਅਸੀਂ ਇੱਥੇ ਸਿਆਸਤਦਾਨ ਵਜੋਂ ਨਹੀਂ ਆਏ, ਅਸੀਂ ਇੱਥੇ ਪਟਿਆਲਾ ਦੇ ਨਾਗਰਿਕ ਵਜੋਂ ਆਏ ਹਾਂ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਬੇਲੋੜੀ ਰਾਜਨੀਤੀ ਤੋਂ ਪ੍ਰੇਰਿਤ ਟਿੱਪਣੀਆਂ ਵੱਲ ਧਿਆਨ ਨਾ ਦਿਓ। ਇਹ ਪਿਛਲੇ 2 ਦਿਨਾਂ ਤੋਂ ਪਟਿਆਲਾ ਦੇ ਲੋਕਾਂ ਦੀ ਇੱਕ ਵੱਡੀ ਮੰਗ (ਨੱਥ ਅਤੇ ਚੂੜਾ ਦੀ ਪੇਸ਼ਕਾਰੀ) ਸੀ ਅਤੇ ਅਸੀਂ ਇਸ ਨੂੰ ਪੂਰਾ ਕਰਨ ਲਈ ਇੱਥੇ ਆਏ ਹਾਂ।”