Site icon TheUnmute.com

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ: ਵਿਜੀਲੈਂਸ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਸੰਜੀਵ ਕੁਮਾਰ ਕਾਬੂ

ANTF

ਚੰਡੀਗੜ੍ਹ, 27 ਮਈ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਅਧਿਕਾਰੀ (ਈ.ਓ.) ਗਿਰੀਸ਼ ਵਰਮਾ ਨੂੰ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮੱਦਦ ਕਰਨ ਦੇ ਦੋਸ਼ ਹੇਠ ਸੰਜੀਵ ਕੁਮਾਰ ਵਾਸੀ ਖਰੜ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੁਕੱਦਮੇ ਵਿੱਚ ਵਿਜੀਲੈਂਸ ਬਿਊਰੋ ਨੇ ਗਿਰੀਸ਼ ਵਰਮਾ ਨੂੰ ਅਕਤੂਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਸੰਜੀਵ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਸੀ ਮਿਲੀ। ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਸੀ.ਜੇ.ਐਮ., ਮੋਹਾਲੀ ਦੀ ਅਦਾਲਤ ਵਿੱਚ ਉਸਦੇ ਖਿਲਾਫ਼ ਭਗੌੜਾ ਐਲਾਨੇ ਜਾਣ ਦੀ ਘੋਸ਼ਣਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਸੰਜੀਵ ਕੁਮਾਰ ਨੂੰ ਫਲਾਇੰਗ ਸਕੁਐਡ-1, ਮੋਹਾਲੀ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਉਸਦੀ ਭੂਮਿਕਾ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗਿਰੀਸ਼ ਵਰਮਾ ਦੇ ਛੋਟੇ ਪੁੱਤਰ ਵਿਕਾਸ ਵਰਮਾ, ਜੋ ਕਿ ਵਿਦੇਸ਼ ਵਿੱਚ ਰਹਿ ਰਿਹਾ ਹੈ, ਨੂੰ ਵੀ ਕੁਝ ਸਥਾਨਕ ਬਿਲਡਰਾਂ ਅਤੇ ਡਿਵੈਲਪਰਾਂ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਸੀ, ਜਿਸ ਸਬੰਧੀ ਜਾਂਚ ਜਾਰੀ ਹੈ।

ਉਨ੍ਹਾਂ (Vigilance Bureau) ਦੱਸਿਆ ਕਿ ਮੁਲਜ਼ਮ ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਬਤੌਰ ਈ.ਓ. ਵਜੋਂ ਤਾਇਨਾਤੀ ਦੌਰਾਨ ਸਥਾਨਕ ਬਿਲਡਰਾਂ/ਡਿਵੈਲਪਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਪਹੁੰਚਾਉਂਦਾ ਸੀ ਅਤੇ ਇਸ ਦੇ ਬਦਲੇ ਉਸ ਨੇ ਅਸੁਰੱਖਿਅਤ ਕਰਜ਼ੇ ਵਜੋਂ ਉਕਤ ਬਿਲਡਰਾਂ ਤੋਂ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ‘ਤੇ ਬੈਂਕ ਐਂਟਰੀਆਂ ਕਰਵਾ ਕੇ ਨਜਾਇਜ਼ ਪੈਸੇ ਪ੍ਰਾਪਤ ਕੀਤੇ ਸਨ।

ਇਸ ਤੋਂ ਇਲਾਵਾ, ਇਹਨਾਂ ਪੈਸਿਆਂ ਦੀ ਵਰਤੋਂ ਜਾਇਦਾਦਾਂ ਖਰੀਦਣ ਲਈ ਕੀਤੀ ਗਈ ਸੀ। ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਇਹਨਾਂ ਪੈਸਿਆਂ ਨਾਲ ਖਰੀਦੀਆਂ ਜਾਇਦਾਦਾਂ ਤੋਂ ਮਿਲਣ ਵਾਲੇ ਕਿਰਾਏ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ।

ਮੁਲਜ਼ਮਾਂ ਦੀ ਕਾਰਜ ਵਿਧੀ ਸਬੰਧੀ ਕਾਰਜ ਵਿਧੀ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਵਰਮਾ ਸਾਲ 2019-20 ਵਿੱਚ ਦੋ ਰੀਅਲ ਅਸਟੇਟ ਫਰਮਾਂ ‘ਬਾਲਾਜੀ ਇੰਫਰਾ ਬਿਲਡਟੈਕ’ ਅਤੇ ‘ਬਾਲਾਜੀ ਡਿਵੈਲਪਰਸ’ ਵਿੱਚ ਆਪਣੇ ਪਿਤਾ ਦੇ ਕਾਲੇ ਧਨ ਦੀ ਖੱਪਤ ਕਰਕੇ ਅਤੇ ਫਰਮਾਂ ਦੇ ਦੂਜੇ ਭਾਈਵਾਲਾਂ ਤੋਂ ਅਸੁਰੱਖਿਅਤ ਕਰਜ਼ੇ ਵਜੋਂ ਬੈਂਕ ਐਂਟਰੀਆਂ ਰਾਹੀਂ ਧਨ ਪ੍ਰਾਪਤ ਕਰਕੇ ਅਤੇ ਬਦਲੇ ਵਿੱਚ ਨਕਦ ਰਾਸ਼ੀ ਉਨ੍ਹਾਂ ਨੂੰ ਵਾਪਸ ਕਰਕੇ ਹਿੱਸੇਦਾਰ ਬਣ ਗਿਆ।

ਉਸ ਦੇ ਸਹਿ-ਦੋਸ਼ੀ ਸੰਜੀਵ ਕੁਮਾਰ ਵਾਸੀ ਖਰੜ, ਅਤੇ ਕੁਰਾਲੀ ਵਾਸੀ ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ ਨੇ ਪਲਾਟ ਵੇਚਣ ਅਤੇ ਰਿਹਾਇਸ਼ੀ ਕਲੋਨੀ ਨੂੰ ਗੈਰਕਾਨੂੰਨੀ ਢੰਗ ਨਾਲ ਰੈਗੂਲਰ ਕਰਵਾਉਣ ਲਈ ਪਹਿਲਾਂ ਤੋਂ ਇਕਰਾਰਨਾਮੇ ਤਿਆਰ ਕਰਕੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਸੰਜੀਵ ਕੁਮਾਰ 50 ਪ੍ਰਤੀਸ਼ਤ ਹਿੱਸੇਦਾਰੀ ਨਾਲ ‘ਬਾਲਾਜੀ ਇੰਫਰਾ ਬਿਲਡਟੈਕ’ ਦਾ ਫਾਊਂਡਰ ਸੀ ਅਤੇ ਉਸਨੇ ਖਰੜ ਵਿੱਚ ਖੇਤੀਬਾੜੀ ਜ਼ਮੀਨ ਖਰੀਦਣ ਲਈ ਹੋਰ ਭਾਈਵਾਲਾਂ ਦੇ ਨਾਲ ਮਿਲ ਕੇ 2.30 ਕਰੋੜ ਰੁਪਏ (ਉਸਦਾ ਹਿੱਸਾ) ਦਾ ਨਿਵੇਸ਼ ਕੀਤਾ ਅਤੇ ਫਿਰ ਇਸ ਜ਼ਮੀਨ ‘ਤੇ ਗੈਰ-ਕਾਨੂੰਨੀ ਢੰਗ ਨਾਲ ਰਿਹਾਇਸ਼ੀ ਕਲੋਨੀ ਨੂੰ ਰੈਗੂਲਰਾਈਜ ਕਰਵਾਇਆ। ਇਸ ਤੋਂ ਬਾਅਦ, ਉਸਨੇ ਬਿਨਾਂ ਕੋਈ ਲਾਭ ਲਏ ਫਰਮ ਤੋਂ ਅਸਤੀਫਾ ਦੇ ਦਿੱਤਾ ਅਤੇ ਉਸਦਾ 15 ਫੀਸਦ ਹਿੱਸਾ ਗੌਰਵ ਗੁਪਤਾ ਰਾਹੀਂ ਵਿਕਾਸ ਵਰਮਾ ਨੂੰ ਮਿਲ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਕਲੋਨਾਈਜ਼ਰ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ ਨੂੰ ਵੀ ਜੂਨ 2023 ਵਿੱਚ ਸਾਬਕਾ ਈ.ਓ. ਗਿਰੀਸ਼ ਵਰਮਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮੱਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ ਵਿਖੇ 5 ਏਕੜ ਜ਼ਮੀਨ ‘ਤੇ ਸਥਿਤ 25000 ਮੀਟਰਿਕ ਟਨ ਦੀ ਸਮਰੱਥਾ ਵਾਲੇ ਓਪਨ ਪਲਿੰਥ (ਸਟੋਰੇਜ ਗੋਦਾਮ) ਨੂੰ ਖੇਤੀਬਾੜੀ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਅਮੀਰ ਬਣਾਉਣ ਵਿੱਚ ਮੱਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪਵਨ ਕੁਮਾਰ ਜੋ ਕਿ ਐਮ.ਸੀ. ਜ਼ੀਰਕਪੁਰ ਦੇ ਖੇਤਰ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਵੱਲੋਂ ਇਸ ਜ਼ਮੀਨ ਦੀ ਸਰਕਾਰ ਵੱਲੋਂ ਮਿਥੀ ਕੀਮਤ ਨਾਲੋਂ ਘੱਟ ਕੀਮਤ ਉਪਰ ਰਜਿਸਟਰੀ ਕਰਵਾਈ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਈ.ਓ. ਵਜੋਂ ਤਾਇਨਾਤ ਰਿਹਾ ਸੀ ਅਤੇ ਬਦਲੇ ਵਿੱਚ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਪਹੁੰਚਾਇਆ ਗਿਆ ਸੀ।

Exit mobile version