Site icon TheUnmute.com

‘ਆਪ’ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਤੇਜ਼, ਇਹ ਚਿਹਰੇ ਹੋ ਸਕਦੇ ਨੇ ਕੈਬਨਿਟ ਦਾ ਹਿੱਸਾ

Bhagwant Mann

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਜਿੱਤ ਦੇ ਨਾਲ ਹੀ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਸੁਨਾਮੀ ਤੋਂ ਬਾਅਦ ਬਣਨ ਜਾ ਰਹੀ ਭਗਵੰਤ ਮਾਨ (Bhagwant Mann) ਦੀ ਸਰਕਾਰ ਵਿੱਚ ਕਈ ਅਜਿਹੇ ‘ਆਪ’ ਆਗੂ ਹਨ, ਜਿਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲਣ ਦੀ ਪ੍ਰਬਲ ਸੰਭਾਵਨਾ ਹੈ। ਇਨ੍ਹਾਂ ਵਿੱਚ ਦੂਜੀ ਵਾਰ ਚੋਣ ਜਿੱਤਣ ਵਾਲੇ ਮੌਜੂਦਾ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਸਭ ਤੋਂ ਵੱਡੇ ਫਰਕ ਨਾਲ ਚੋਣ ਜਿੱਤਣ ਵਾਲੇ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਹਰਜੋਤ ਸਿੰਘ ਬੈਂਸ, ਗੁਰਿੰਦਰ ਸਿੰਘ ਗੈਰੀ ਵਿੰਗਡੱਗ, ਡਾ ਬਲਬੀਰ ਸਿੰਘ, ਨੀਨਾ ਮਿੱਤਲ, ਅਨਮੋਲ ਗਗਨ ਮਾਨ, ਕੁਲਵੰਤ ਸਿੰਘ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ਵੀ ਸ਼ਾਮਲ ਹਨ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਦਿੱਗਜ ਆਗੂਆਂ ਨੂੰ ਕਰਾਰੀ ਹਾਰ ਦੇਣ ਵਾਲੇ ਉਮੀਦਵਾਰਾਂ ਨੂੰ ਸਰਕਾਰ ਬਣਨ ਵਿਚ ਅਹਿਮ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ ਚਰਨਜੀਤ ਸਿੰਘ ਚੰਨੀ (Charanjit Singh Channi) , ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ (Sukhbir singh badal) , ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ (Navjot singh sidhu) ਅਤੇ ਬਿਕਰਮ ਮਜੀਠੀਆ ਵਰਗੇ ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਉਮੀਦਵਾਰਾਂ ਨੂੰ ਨਵੀਂ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

Exit mobile version