ਅੰਗਹੀਣ ਭਲਾਈ ਯੂਨੀਅਨ

ਅੰਗਹੀਣ ਭਲਾਈ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ 06 ਜੂਨ 2022: ਅੰਗਹੀਣ ਭਲਾਈ ਯੂਨੀਅਨ ਪੰਜਾਬ ਨੇ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਕੋਟਕਪੂਰਾ ਚੌਂਕ ਵਿਚ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ, ਵਾਈਸ ਪ੍ਰਧਾਨ ਅੰਮਿ੍ਰਤਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਰਹੂੜਿਆਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਅੰਗਹੀਣਾਂ ਨੂੰ ਨਜਰਅੰਦਾਜ ਕੀਤਾ ਹੋਇਆ ਹੈ ਅਤੇ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਅੰਗਹੀਣਾਂ ਨਾਲ ਇਨਸਾਫ ਨਹੀਂ ਕਰ ਰਹੀ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਰਜ਼ੁਗਾਰ ਅੰਗਹੀਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ, ਪਰ ਸਰਕਾਰ ਵਲੋਂ ਅੰਗਹੀਣਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਅੰਗਹੀਣ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਾਰੇ ਅੰਗਹੀਣਾਂ ਨੂੰ ਬਿਨਾਂ ਦੇਰੀ ਸਰਕਾਰੀ ਅਦਾਰਿਆਂ ਵਿਚ ਨੌਕਰੀ ਦਿੱਤੀ ਜਾਵੇ।

ਉਨ੍ਹਾਂ ਓਵਰਏਜ ਅੰਗਹੀਣਾਂ ਨੂੰ ਯੋਗਤਾ ਦੇ ਅਧਾਰ ਤੇ ਨੌਕਰੀ ਦੇਣ ਲਈ ਕਿਹਾ ਅਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੈਡੀਕਲ ਸਹੂਲਤ ਮੁਫ਼ਤ ਦੇਣ, ਪੂਰਾ ਬੱਸ ਕਿਰਾਇਆ ਮੁਆਫ਼ ਕਰਨ, ਓਵਰਏਜ ਹੋਏ ਅੰਗਹੀਣਾਂ ਨੂੰ 10000 ਪੈਨਸ਼ਨ ਦੇਣ, ਅਨਪੜ੍ਹ ਵਿਅਕਤੀਆਂ ਨੂੰ ਚੌਥੇ ਦਰਜੇ ਦੀਆਂ ਨੌਕਰੀਆਂ ਦੇਣ, ਅੰਗਹੀਣ ਵਿਅਕਤੀਆਂ ਦੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਮੁਫਤ ਕਰਨ, ਅੰਗਹੀਣ ਵਿਅਕਤੀਆਂ ਨੂੰ ਬੀਪੀਐਲ ਤਹਿਤ ਮਿਲਣ ਵਾਲੀਆਂ ਸਹੂਲਤਾਂ ਵਿਚ ਸ਼ਾਮਿਲ ਕਰਨ, ਅੰਗਹੀਣਾ ਦਾ 4 ਪ੍ਰਤੀਸ਼ਤ ਕੋਟਾ ਦੇਣ, ਅੰਗਹੀਣ ਵਿਅਕਤੀਆਂ ਨੂੰ ਬੱਚਿਆਂ ਦੀ ਸ਼ਗਨ ਸਕੀਮ ਲਈ 1 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ |

Scroll to Top