Mandeep Singh Sidhu

DIG ਮਨਦੀਪ ਸਿੰਘ ਸਿੱਧੂ ਨੇ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸਾਂਭਿਆ

ਚੰਡੀਗੜ੍ਹ 15 ਨਵੰਬਰ 2022: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਨਵੇਂ ਪੁਲਿਸ ਕਮਿਸ਼ਨਰ ਆਈਪੀਐਸ ਮਨਦੀਪ ਸਿੰਘ ਸਿੱਧੂ (Mandeep Singh Sidhu) ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਕਤ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।

ਉਨ੍ਹਾਂ ਕਿਹਾ ਕਿਹਾ ਕਿ ਆਈਪੀਐਸ ਡਾਕਟਰ ਕੌਸਤੁਭ ਸ਼ਰਮਾ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਹੈ, ਉਸ ਨੂੰ ਹੋਰ ਵਧੀਆ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਲੁਧਿਆਣਾ ਉਦਯੋਗਿਕ ਸ਼ਹਿਰ ਹੈ, ਜਿਸ ਕਾਰਨ ਵਪਾਰੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ। ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇਗਾ ਕਿ ਲੁਧਿਆਣਾ ਪੁਲਿਸ ਉਨ੍ਹਾਂ ਲਈ ਬਣੀ ਹੈ। ਥਾਣਿਆਂ ਵਿੱਚ ਲੋਕਾਂ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ।

ਬੀਤੇ ਦੀ ਐਸਐਸਪੀ ਮਨਦੀਪ ਸਿੰਘ ਸਿੱਧੂ (SSP Mandeep Singh Sidhu) ਦੇ ਡੀਆਈਜੀ ਬਣਨ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਹੋਈ | ਇਸ ਦੌਰਾਨ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਡੀਆਈਜੀ ਵਜੋਂ ਪਦ ਉੱਨਤ ਹੋਣ ‘ਤੇ ਡੀਜੀਪੀ ਨੇ ਸਟਾਰ ਲਗਾਏ |

ਆਈਪੀਐਸ ਮਨਦੀਪ ਸਿੰਘ ਸਿੱਧੂ ਲੁਧਿਆਣਾ ਆਉਣ ਤੋਂ ਪਹਿਲਾਂ ਸੰਗਰੂਰ ਦੇ ਐਸਐਸਪੀ ਸਨ। ਮਨਦੀਪ ਸਿੱਧੂ ਨੂੰ ਤਿੰਨ ਵਾਰ ਐਸਐਸਪੀ ਸੰਗਰੂਰ ਦਾ ਅਹੁਦਾ ਸੰਭਾਲਣ ਦਾ ਮੌਕਾ ਮਿਲਿਆ ਹੈ। ਮਨਦੀਪ ਸਿੰਘ ਸੰਧੂ ਸੰਗਰੂਰ ਨੂੰ ਆਪਣੀ ਕਰਮ ਭੂਮੀ ਦੱਸਿਆ ਸੀ |

ਉਨ੍ਹਾਂ ਨੇ ਸੰਗਰੂਰ ਦੇ ਐਸ.ਐਸ.ਪੀ ਵਜੋਂ ਮਿਲਣ ਵਾਲੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਉਹ ਅਜਿਹੀਆਂ ਲੋੜਵੰਦ ਬੱਚੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ ਜੋ ਖੁਦਕੁਸ਼ੀ ਪੀੜਤ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਵਿਦਿਅਕ ਪੱਧਰ ਉਤੇ ਹੋਣਹਾਰ ਹੋਣ ਦੇ ਬਾਵਜੂਦ ਆਰਥਿਕ ਤੰਗੀਆਂ ਕਾਰਨ ਅੱਗੇ ਨਹੀਂ ਵਧ ਪਾ ਰਹੀਆਂ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਤਰਫੋਂ ਸੰਕੇਤਕ ਮਦਦ ਹੈ ਅਤੇ ਮਦਦ ਦੀ ਇਹ ਰਾਸ਼ੀ ਕਿਸੇ ਹੋਰ ਕੋਲੋਂ ਇਕੱਤਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਲੋੜਵੰਦ ਬੱਚੀਆਂ ਨੂੰ ਸਹਾਇਤਾ ਰਾਸ਼ੀ ਦਿੱਤੀ |

ਅਕਸਰ ਮਨਦੀਪ ਸਿੱਧੂ ਸੋਸ਼ਲ ਮੀਡੀਆ ‘ਤੇ ਸਮਾਜ ਸੇਵਾ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੇ ਹਨ | ਮਨਦੀਪ ਸਿੰਘ ਸਿੱਧੂ 2008 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਪੰਜਾਬ ਦੇ ਕਈ ਸ਼ਹਿਰਾਂ ਵਿਚ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਨ ਤਾਂ ਮਨਦੀਪ ਸਿੰਘ ਸਿੱਧੂ ਨੇ ਵੀ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾਈ |

Scroll to Top