July 5, 2024 8:03 pm
DIG Gurpreet Singh Bhullar

DIG ਗੁਰਪ੍ਰੀਤ ਸਿੰਘ ਭੁੱਲਰ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਰੂਪਨਗਰ 02 ਸਤੰਬਰ 2022: ਅੱਜ ਜ਼ਿਲ੍ਹਾ ਰੂਪਨਗਰ (Rupnagar) ਦੇ ਵਿੱਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀ.ਆਈ.ਜੀ. ਰੂਪਨਗਰ ਗੁਰਪ੍ਰੀਤ ਸਿੰਘ ਭੁੱਲਰ (DIG Gurpreet Singh Bhullar) ਅਤੇ ਐਸ.ਐਸ.ਪੀ. ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਵਲੋਂ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਪਹੁੰਚ ਕਰਕੇ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਸੁਰੱਖਿਆ ਸਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀ.ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੱਖੋਂ-ਵੱਖ ਧਾਰਮਿਕ ਸਥਾਨਾਂ ਵਿਖੇ ਲੱਗੇ ਕੈਮਰਿਆਂ ਨੂੰ ਵਾਚਿਆ ਗਿਆ ਹੈ ਅਤੇ ਜਿੱਥੇ ਵੀ ਕਿਤੇ ਕੈਮਰਿਆਂ ਦੀ ਗਿਣਤੀ ਵਧਾਉਣ ਦੀ ਲੋੜ ਮਹਿਸੂਸ ਹੋਈ ਹੈ ਉਸ ਬਾਬਤ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ।

ਭੁੱਲਰ ਨੇ ਕਿਹਾ ਕਿ ਗੈਰ ਸਮਾਜਿਕ ਅਨਸਰ ਸਮਾਜ ਵਿਚਲੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਸਕਦੇ ਹਨ ਇਸਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕਰਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਇਸੇ ਤਹਿਤ ਹੀ ਉਹ ਜ਼ਿਲ੍ਹੇ ਵਿੱਚਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖ ਕੇ ਪੰਜਾਬ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਜੇ ਕੋਈ ਸ਼ਰਾਰਤੀ ਅਨਸਰ ਅਜਿਹੀ ਕੋਝੀ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ (DIG Gurpreet Singh Bhullar) ਅਤੇ ਜ਼ਿਲ੍ਹਾ ਪੁਲਿਸ ਮੁੱਖੀ ਡਾ. ਸੰਦੀਪ ਗਰਗ ਨੇ ਇਸ ਮੌਕੇ ਕਾਲਜ ਰੋਡ ਸਥਿਤ ਗਿਰਜਾ ਘਰ, ਬੇਲਾ ਚੌਂਕ ਨੇੜੇ ਸਥਿਤ ਮਸਜਿਦ, ਲਹਿਰੀ ਸ਼ਾਹ ਮੰਦਰ, ਹੌਲੀ ਫੈਮਲੀ ਕਾਨਵੈਂਟ ਸਕੂਲ ਸਮੇਤ ਵੱਖ-ਵੱਖ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।