ਚੰਡੀਗੜ੍ਹ, 15 ਸਤੰਬਰ 2023: ਜੇਕਰ ਤੁਹਾਡੇ ਮੋਬਾਈਲ ‘ਤੇ ਅਚਾਨਕ ਕੋਈ ਅਜੀਬ ਜਿਹੀ ਆਵਾਜ਼ ਆਉਂਦੀ ਹੈ ਅਤੇ ਤੁਹਾਨੂੰ ਆਪਣੇ ਮੈਸੇਜ ਬਾਕਸ ‘ਚ ਕੋਈ ਸੁਨੇਹਾ (emergency alert) ਆਉਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦਰਅਸਲ, ਭਾਰਤ ਸਰਕਾਰ ਦੇਸ਼ ਭਰ ਵਿੱਚ ਐਮਰਜੈਂਸੀ ਅਲਰਟ ਸੇਵਾ ਦੀ ਜਾਂਚ ਕਰ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਮੋਬਾਈਲ ‘ਤੇ ਅਜੀਬ ਜਿਹੀ ਆਵਾਜ਼ ਵਾਲੇ ਸੰਦੇਸ਼ ਆ ਰਹੇ ਹਨ। ਇਸ ਸੰਦੇਸ਼ ਵਿੱਚ ਸਰਕਾਰ ਨੇ ਇਸ ਟੈਸਟਿੰਗ ਨਾਲ ਜੁੜੀ ਜਾਣਕਾਰੀ ਦਿੱਤੀ ਹੈ।
23 ਦਿਨਾਂ ਵਿੱਚ ਤੀਜੀ ਵਾਰ ਕੇਂਦਰ ਸਰਕਾਰ ਨੇ ਦੇਸ਼ ਵਿੱਚ ਕਈ ਸਮਾਰਟਫੋਨ ਉਪਭੋਗਤਾਵਾਂ ਨੂੰ ਸੰਦੇਸ਼ ( emergency alert) ਭੇਜ ਕੇ ਟੈਸਟਿੰਗ ਕੀਤੀ ਹੈ । ਇਸ ਤੋਂ ਪਹਿਲਾਂ 17 ਅਤੇ ਫਿਰ 23 ਅਗਸਤ ਨੂੰ ਕਈ ਲੋਕਾਂ ਨੂੰ ਇਹ ਸੰਦੇਸ਼ ਭੇਜਿਆ ਗਿਆ ਸੀ।ਇਹ ਟੈਸਟਿੰਗ ਹੜ੍ਹ ਅਤੇ ਭੂਚਾਲ ਵਰਗੀਆਂ ਐਮਰਜੈਂਸੀ ਦੌਰਾਨ ਲੋਕਾਂ ਨੂੰ ਸੁਚੇਤ ਕਰਨ ਲਈ ਕੀਤੀ ਜਾ ਰਹੀ ਹੈ।
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਇਹ ਸੰਦੇਸ਼ ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ (ਡੀਓਟੀ) ਦੁਆਰਾ ਦੇਸ਼ ਭਰ ਵਿੱਚ ਭੇਜਿਆ ਜਾ ਰਿਹਾ ਹੈ। ਪਿਛਲੇ ਮਹੀਨੇ 20 ਜੁਲਾਈ ਨੂੰ ਕਾਮਨ ਅਲਰਟਿੰਗ ਪ੍ਰੋਟੋਕੋਲ ਤਹਿਤ ਕਈ ਮੋਬਾਈਲ ਉਪਭੋਗਤਾਵਾਂ ਨੂੰ ਵੀ ਅਜਿਹਾ ਹੀ ਸੰਦੇਸ਼ ਭੇਜਿਆ ਗਿਆ ਸੀ।
ਸੰਦੇਸ਼ ਵਿੱਚ ਕੀ ਹੈ?
‘ਬੀਪ’ ਦੀ ਆਵਾਜ਼ ਦੇ ਨਾਲ ਸਮਾਰਟਫੋਨ ਉਪਭੋਗਤਾਵਾਂ ਦੇ ਮੋਬਾਈਲ ਫੋਨਾਂ ‘ਤੇ ‘Emergency Alert: Severe” ਦਾ ਫਲੈਸ਼ ਸੁਨੇਹਾ ਆਇਆ। ਇਸ ਵਿੱਚ ਸਾਫ਼ ਲਿਖਿਆ ਸੀ ਕਿ ਤੁਹਾਨੂੰ ਇਸ ਬਾਰੇ ਧਿਆਨ ਦੇਣ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਸੁਨੇਹਾ ਟੈਸਟ NDMA ਯਾਨੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦਾ ਹਿੱਸਾ ਹੈ, ਜਿਸਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੌਰਾਨ ਸਮੇਂ ਸਿਰ ਚਿਤਾਵਨੀਆਂ ਪ੍ਰਦਾਨ ਕਰਨਾ ਹੈ।’
ਆਈਫੋਨ ਉਪਭੋਗਤਾਵਾਂ ਨੂੰ ਨਹੀਂ ਮਿਲਿਆ ਮੈਸੇਜ
ਅੱਜ ਇਹ ਅਲਰਟ ਸੰਦੇਸ਼ ਦੁਪਹਿਰ 12.19 ਤੋਂ 1:06 ਵਜੇ ਤੱਕ ਵੱਖ-ਵੱਖ ਸਮੇਂ ‘ਤੇ ਭੇਜਿਆ ਗਿਆ, ਇਕ ਵਾਰ ਹਿੰਦੀ ਵਿਚ ਅਤੇ ਇਕ ਵਾਰ ਅੰਗਰੇਜ਼ੀ ਵਿ ਭੇਜਿਆ ਗਿਆ । ਜਦੋਂ ਕਿ ਆਈਫੋਨ ਯੂਜ਼ਰਸ ਨੂੰ ਅਜਿਹੀ ਕੋਈ ਅਲਰਟ ਮਿਲਣ ਦੀ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਲਰਟ ਸਿਸਟਮ ਫਿਲਹਾਲ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਕੰਮ ਕਰ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ‘ਸਰਕਾਰ ਅਗਲੇ 6 ਤੋਂ 8 ਮਹੀਨਿਆਂ ‘ਚ ਅਲਰਟ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਆਉਣ ਵਾਲੇ ਮਹੀਨਿਆਂ ਵਿੱਚ ਟੀਵੀ, ਰੇਡੀਓ ਅਤੇ ਰੇਲਵੇ ਸਟੇਸ਼ਨਾਂ ‘ਤੇ ਅਜਿਹੇ ਅਲਰਟ ਸੰਦੇਸ਼ ਭੇਜਣ ਦੀ ਜਾਂਚ ਵੀ ਕਰ ਸਕਦੀ ਹੈ।
ਮੋਬਾਈਲ ਵਿੱਚ ਐਮਰਜੈਂਸੀ ਅਲਰਟ ਨੂੰ ਕਿਵੇਂ ਚਾਲੂ ਕਰੀਏ?
ਆਮ ਤੌਰ ‘ਤੇ ਇਹ ਅਲਰਟ ਮੋਬਾਈਲ ਵਿੱਚ ਡਿਫਾਲਟ ਤੌਰ ‘ਤੇ ਚਾਲੂ ਰਹਿੰਦਾ ਹੈ। ਹਾਲਾਂਕਿ, ਜੇਕਰ ਤੁਹਾਡੇ ਫੋਨ ਵਿੱਚ ਅਜਿਹੇ ਅਲਰਟ ਮੈਸੇਜ ਨਹੀਂ ਆ ਰਹੇ ਹਨ ਤਾਂ ਇਸਦਾ ਮਤਲਬ ਹੈ ਕਿ ਇਹ ਅਲਰਟ ਸੈਟਿੰਗ ਤੁਹਾਡੇ ਫੋਨ ਵਿੱਚ ਚਾਲੂ ਨਹੀਂ ਹੈ। ਤੁਸੀਂ ਇਸਨੂੰ ਮੈਨੂਅਲੀ ਵੀ ਚਾਲੂ ਜਾਂ ਬੰਦ ਕਰ ਸਕਦੇ ਹੋ।
ਜਿਕਰਯੋਗ ਹੈ ਕਿ ਜਾਪਾਨ, ਅਮਰੀਕਾ ਅਤੇ ਨੀਦਰਲੈਂਡ ਵਰਗੇ ਦੇਸ਼ ਐਮਰਜੈਂਸੀ ਅਲਰਟ ਸਿਸਟਮ ਦੀ ਵਰਤੋਂ ਕਰਦੇ ਹਨ। ਇਸ ਪ੍ਰਣਾਲੀ ਨੇ ਜਾਪਾਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਬਚਾਈ ਹੈ। ਇਹ ਅਲਰਟ ਹੜ੍ਹ, ਅੱਗ ਅਤੇ ਗੰਭੀਰ ਮੌਸਮ ਦੀ ਸਥਿਤੀ ਵਿੱਚ ਭੇਜਿਆ ਜਾਂਦਾ ਹੈ।