Site icon TheUnmute.com

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਪੁਲਿਸ ਦਾਖਲੇ ਵਿਰੁੱਧ ਦੂਜੇ ਦਿਨ ਧਰਨਾ ਜਾਰੀ

ਬੁੰਗਾ ਸਾਹਿਬ

ਸੁਲਤਾਨਪੁਰ ਲੋਧੀ/ਅੰਮ੍ਰਿਤਸਰ, 4 ਦਸੰਬਰ 2023: ਬੀਤੇ ਦਿਨੀਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਚ ਪੁਲਿਸ ਦਾਖਲੇ ਨਾਲ ਹੋਈ ਬੇਅਦਬੀ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਦੂਜੇ ਦਿਨ ਵੀ ਵੱਡੇ ਜੋਸ਼ ਨਾਲ ਧਰਨਾ ਜਾਰੀ ਰਿਹਾ।

ਅੱਜ ਦੇ ਧਰਨੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸ. ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਵਿਚ ਜਥੇ ਨੇ ਹਾਜ਼ਰੀ ਭਰੀ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਿਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ, ਉਸ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਨੇ ਗੁਰੂ ਘਰ ਅੰਦਰ ਮਰਯਾਦਾ ਦੀ ਉਲੰਘਣਾ ਕਰਦਿਆਂ ਗੋਲੀ ਚਲਾਉਣ ਦੇ ਆਦੇਸ਼ ਦਿੱਤੇ, ਜਿਸ ਦੇ ਜ਼ਿੰਮੇਵਾਰ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਿਸੇ ਕਿਸਮ ਦੀ ਕਾਰਵਾਈ ਨਾ ਕਰਨਾ ਸੰਗਤਾਂ ਅੰਦਰ ਰੋਸ ਅਤੇ ਰੋਹ ਪੈਦਾ ਕਰ ਰਿਹਾ ਹੈ।

ਅੱਜ ਦੇ ਧਰਨੇ ਵਿਚ ਸ. ਸਤਿੰਦਰਜੀਤ ਸਿੰਘ ਛੱਜਲਵੱਡੀ ਹਲਕਾ ਇੰਚਾਰਜ ਜੰਡਿਆਲਾ ਗੁਰੂ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਕੁਲਵੰਤ ਸਿੰਘ ਮੰਨਣ, ਸ. ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਇੰਚਾਰਜ ਸ. ਦਵਿੰਦਰ ਸਿੰਘ ਖੁਸ਼ੀਪੁਰ, ਮੈਨੇਜਰ ਸ. ਜਰਨੈਲ ਸਿੰਘ, ਸ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਸ. ਸੁਖਰਾਜ ਸਿੰਘ ਮੁਛਲ ਸ. ਗੁਰਸੰਗਤ ਸਿੰਘ ਬੰਡਾਲਾ, ਸ. ਪ੍ਰੇਮ ਸਿੰਘ ਤਾਰਾਗੜ੍ਹ, ਸ. ਸੁਖਵਿੰਦਰ ਸਿੰਘ ਬੁਤਾਲਾ, ਸ. ਜਸਪਾਲ ਸਿੰਘ ਪੱਡਾ, ਸ. ਜਗਤਾਰ ਸਿੰਘ ਗਗੜਭਾਣਾ, ਸ. ਸੁਖਵਿੰਦਰ ਸਿੰਘ ਸੰਗਰਾਵਾਂ, ਸ. ਸਿਕੰਦਰ ਸਿੰਘ ਜਾਣੀਆ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

Exit mobile version