July 2, 2024 4:59 pm
African swine fever

ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਿਤ ਜ਼ੋਨ ਐਲਾਨਿਆ

ਚੰਡੀਗੜ੍ਹ 15 ਸਤੰਬਰ 2022: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ (African swine fever) ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਤਿੰਨ ਸ਼ੱਕੀ ਸੈਂਪਲ ਭੇਜੇ ਗਏ ਸਨ ਪਰ ਸਾਰੇ ਸੈਂਪਲ ਨੈਗੇਟਿਵ ਆਏ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ “ਸੰਕ੍ਰਮਣ ਜ਼ੋਨ” ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ “ਨਿਗਰਾਨੀ ਜ਼ੋਨ” ਐਲਾਨਿਆ ਗਿਆ ਹੈ।

ਇਸ ਖੇਤਰ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।

ਪਹਿਲਾਂ ਪ੍ਰਭਾਵਿਤ ਹੋਏ ਛੇ ਜ਼ਿਲ੍ਹਿਆਂ ਦਾ ਵੇਰਵਾ ਦਿੰਦਿਆਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਐਸ.ਬੀ.ਐਸ. ਨਗਰ. ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਮਾਨਸਾ ਦੇ ਐਲਾਨੇ ਗਏ ਸੰਕ੍ਰਮਿਤ ਜ਼ੋਨਾਂ ਵਿੱਚ ਸੂਰਾਂ ਦੀ ਕੱਲਿੰਗ ਕੀਤੀ ਜਾ ਚੁੱਕੀ ਹੈ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸ ਪਿੱਛੋਂ ਇਨ੍ਹਾਂ ਥਾਵਾਂ ਤੋਂ ਦੁਬਾਰਾ ਭੇਜੇ ਗਏ ਸੈਂਪਲ ਨੈਗੇਟਿਵ ਪਾਏ ਗਏ ਹਨ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੂਰਾਂ ਨੂੰ ਇਧਰ-ਉਧਰ ਨਾ ਲਿਜਾਣ, ਸੂਰ ਵਪਾਰੀਆਂ ਜਾਂ ਕਾਰੋਬਾਰੀਆਂ ਨੂੰ ਆਪਣੇ ਫ਼ਾਰਮਾਂ ‘ਤੇ ਆਉਣ ਤੋਂ ਸਖ਼ਤੀ ਨਾਲ ਰੋਕਣ ਅਤੇ ਸੂਰਾਂ ਦੀ ਖ਼ੁਰਾਕ ਵੀ ਆਪਣੇ ਫ਼ਾਰਮ ‘ਤੇ ਹੀ ਤਿਆਰ ਕਰਨ ਕਿਉਂ ਜੋ ਸਾਵਧਾਨੀ ਅਪਨਾਉਣ ਨਾਲ ਹੀ ਇਸ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।