ਚੰਡੀਗੜ੍ਹ, 3 ਦਸੰਬਰ 2021 : ਮੁਕਤਸਰ ਜ਼ਿਲ੍ਹੇ ਦੇ ਪਿੰਡ ਭੂੰਦੜ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਇੱਕ ਡੇਰਾ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਸ਼ੁੱਕਰਵਾਰ ਦੇਰ ਸ਼ਾਮ ਪਿੰਡ ‘ਚ ਸਥਿਤ ਡੇਰਾ ਪ੍ਰੇਮੀ ਦੀ ਕਰਿਆਨੇ ਦੀ ਦੁਕਾਨ ‘ਤੇ ਅੰਜਾਮ ਦਿੱਤਾ ਗਿਆ ਹੈ। ਜਿਸ ‘ਚ ਦੋ ਵਿਅਕਤੀ ਡੇਰਾ ਪ੍ਰੇਮੀ ਦੀ ਦੁਕਾਨ ‘ਤੇ ਕੁਝ ਸਾਮਾਨ ਖਰੀਦਣ ਆਏ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਚਰਨਦਾਸ (40) ਪੁੱਤਰ ਨੀਲੂ ਰਾਮ ਵਾਸੀ ਭੂੰਦੜ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਪਿੰਡ ਵਿੱਚ ਸਥਿਤ ਆਪਣੀ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ। ਇੰਨੇ ਵਿੱਚ ਇੱਕ ਮੋਟਰਸਾਈਕਲ ’ਤੇ ਦੋ ਵਿਅਕਤੀ ਆਏ ਅਤੇ ਕੁਝ ਸਾਮਾਨ ਮੰਗਣ ਲੱਗੇ। ਜਿਵੇਂ ਹੀ ਚਰਨਦਾਸ ਸਾਮਾਨ ਤੋਲਣ ਲੱਗਾ ਤਾਂ ਇਕ ਦੋਸ਼ੀ ਨੇ ਪਿਸਤੌਲ ਕੱਢ ਕੇ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਚਰਨਦਾਸ ਦੀ ਅੱਖ ਨੇੜੇ ਮੱਥੇ ‘ਤੇ ਲੱਗੀ। ਜਦਕਿ ਦੂਜਾ ਮੁਲਜ਼ਮ ਮੋਟਰਸਾਈਕਲ ’ਤੇ ਬੈਠਾ ਰਿਹਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਬਦਮਾਸ਼ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਰਿਸ਼ਤੇਦਾਰ ਚਰਨਦਾਸ ਨੂੰ ਗਿੱਦੜਬਾਹਾ ਦੇ ਹਸਪਤਾਲ ਲੈ ਗਏ। ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪਰ ਉਸ ਦੀ ਬਠਿੰਡਾ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ। ਦੱਸ ਦਈਏ ਕਿ 2018 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਮ੍ਰਿਤਕ ਡੇਰਾ ਪ੍ਰੇਮੀ ਖਿਲਾਫ ਥਾਣਾ ਕੋਟਭਾਈ ‘ਚ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜੋ ਅਜੇ ਵਿਚਾਰ ਅਧੀਨ ਹੈ। ਘਟਨਾ ਤੋਂ ਬਾਅਦ ਐਸਐਸਪੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।