ਛਿੰਝ ਛਰਾਹਾਂ ਦੀ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ

ਚੰਡੀਗੜ 07 ਨਵੰਬਰ 2022: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ।ਇਸ ਪੱਤਰ ਵਿੱਚ ਸ. ਰੌੜੀ ਨੇ ਲਿਖਿਆ ਹੈ ਕਿ ਹੁਸ਼ਿਆਰਪੁਰ ਜਿਲੇ ਦੇ ਗੜਸ਼ੰਕਰ ਅਧੀਨ ਪੈਂਦੇ ਨੀਮ ਪਹਾੜੀ ਖੇਤਰ ਬੀਤ ਦੇ ਪਿੰਡ ਅਚਲਪੁਰ ਮਜਾਰੀ ਵਿਖੇ ਹਰ ਸਾਲ ਮੱਘਰ ਮਹੀਨ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਇਹ ਛਿੰਝ ਮੇਲੇ ਲਗਦਾ ਹੈ। ਉਨਾਂ ਕਿਹਾ ਕਿ ਇਸ ਇਤਿਹਾਸਕ ਮੇਲੇ ਨੂੰ ਸਰਬ-ਸਾਂਝੀ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣ ਦੀ ਜ਼ਰੂਰਤ ਹੈ।

ਸ. ਰੌੜੀ ਨੇ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਨੂੰ ਅਗਲੀਆਂ ਪੀੜੀਆਂ ਤੱਕ ਪੁੱਜਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਬੀਤ ਖੇਤਰ ਦੇ ਲੋਕਾਂ ਵੱਲੋਂ ਇਤਿਹਾਸਕ ਮੇਲੇ ‘ ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੀ ਹੱਦ ਨਾਲ ਲਗਦੇ ਬੀਤ ਇਲਾਕੇ ਦਾ ਇਹ ਮੇਲਾ ਸਦੀਆਂ ਪੁਰਾਣਾ ਹੈ ਜਿਸ ਵਿਚ ਸਾਰੇ ਵਰਗਾਂ ਦੇ ਲੋਕ ਸ਼ਾਮਿਲ ਹੁੰਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਅੱਠਵੀਂ ਦੀ ਪੁਸਤਕ ਵਿਚ ਨਾਮਵਰ ਲੇਖਕ ਅਮਰੀਕ ਸਿੰਘ ਦਿਆਲ ਦਾ ਲਿਖਿਆ ਲੇਖ ‘ਛਿੰਝ ਛਰਾਹਾਂ ਦੀ’ ਪਿਛਲੇ ਦਸ ਸਾਲ ਤੋਂ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ। ਵੰਡ ਤੋਂ ਪਹਿਲਾਂ ਲਾਹੌਰ ਤੱਕ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ ।ਉਨਾਂ ਕਿਹਾ ਕਿ ਬੀਤ ਦਾ ਖਿਤਾ ਪੱਛੜਿਆ ਅਤੇ ਪਹਾੜੀ ਹੋਣ ਕਰ ਕੇ ਇਸ ਮੇਲੇ ਦਾ ਪ੍ਰਚਾਰ – ਪਸਾਰ ਨਹੀਂ ਹੋ ਸਕਿਆ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਮੇਲੇ ਵੱਲ ਕੋਈ ਧਿਆਨ ਦਿੱਤਾ।

Scroll to Top