Site icon TheUnmute.com – Punjabi News

ਡਿਪਟੀ ਕਮਿਸ਼ਨਰ ਵੱਲੋਂ ਜਲਾਲਾਬਾਦ ਅਨਾਜ ਮੰਡੀ ਦਾ ਦੌਰਾ, ਲਿਫਟਿੰਗ ਨੇ ਫੜੀ ਰਫ਼ਤਾਰ

Grain market

ਜਲਾਲਾਬਾਦ, ਫਾਜ਼ਿਲਕਾ 24 ਅਪ੍ਰੈਲ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਜਲਾਲਾਬਾਦ ਮੰਡੀ (Grain market) ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਆੜ੍ਹਤੀਆਂ ਅਤੇ ਕਿਸਾਨਾਂ ਦੀਆਂ ਵੱਖਰੇ-ਵੱਖਰੇ ਬੈਠਕਾਂ ਕੀਤੀਆਂ ਅਤੇ ਫਿਰ ਖਰੀਦ ਏਂਜਸੀਆਂ ਨਾਲ ਬੈਠਕ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸਕਿਲਾਂ ਹੱਲ ਕਰਨ ਦੇ ਨਾਲ ਨਾਲ ਲਿਫਟਿੰਗ ਨੂੰ ਹੋਰ ਵੀ ਤੇਜ ਕਰ ਦੀਆਂ ਹਦਾਇਤਾਂ ਦਿੱਤੀਆਂ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਲਿਫਟਿੰਗ ਦੇ ਕੰਮ ਨੇ ਹੋਰ ਰਫ਼ਤਾਰ ਫੜੀ ਹੈ ਅਤੇ ਅੱਜ ਦੁਪਹਿਰ ਤੱਕ ਜਲਾਲਾਬਾਦ ਵਿਚ ਹੀ 1 ਲੱਖ 5 ਹਜ਼ਾਰ ਬੈਗ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਜਦ ਕਿ ਅੱਜ ਲਈ 2 ਲੱਖ ਬੈਗ ਚੁੱਕਣ ਦਾ ਟੀਚਾ ਮਿਥਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਲਿਫਟਿੰਗ ਲਈ ਪਹਿਲਾਂ ਖਰੀਦੀ ਕਣਕ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਹਰੇਕ ਆੜ੍ਹਤੀਏ ਨੂੰ ਬਕਾਇਆ ਪਈ ਕਣਕ ਦੀ ਦਰ ਨਾਲ ਟਰੱਕ ਮੁਹਹੱਈਆ ਕਰਵਾਏ ਜਾਣਗੇ ਤਾਂ ਜੋ ਸਭ ਫੜਾਂ ਤੋਂ ਬਰਾਬਰ ਕਣਕ ਦੀ ਚੁੱਕਾਈ ਹੁੰਦੀ ਰਹੇ। ਉ੍ਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਖਰੀਦ ਏਂਜਸੀ ਦੇ ਅਧਿਕਾਰੀ ਦੇ ਪੱਧਰ ਤੇ ਖਰੀਦ ਦੇ ਕਾਰਜਾਂ ਵਿਚ ਕੋਈ ਕਮੀ ਪਾਈ ਗਈ ਤਾਂ ਉਸਦੇ ਖਿਲਾਫ ਸ਼ਖਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੀਤੀ ਸ਼ਾਮ ਤੱਕ ਕੁੱਲ 252455 ਮਿਟ੍ਰਿਕ ਟਨ ਕਣਕ ਦੀ ਆਮਦ ਮੰਡੀਆਂ (Grain market) ਵਿਚ ਹੋਈ ਹੈ ਅਤੇ 232782 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪਨਗ੍ਰੇਨ ਨੇ 59151 ਮਿਟ੍ਰਿਕ ਟਨ, ਮਾਰਕਫੈਡ ਨੇ 69020 ਮਿਟ੍ਰਿਕ ਟਨ, ਪਨਸਪ ਨੇ 60121 ਮਿਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 34998 ਮਿਟ੍ਰਿਕ ਟਨ, ਐਫਸੀਆਈ ਨੇ 1200 ਮਿਟ੍ਰਿਕ ਟਨ ਅਤੇ ਵਪਾਰੀਆਂ ਨੇ 8292 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 48 ਘੰਟੇ ਵਿਚ ਖਰੀਦੀ ਕਣਕ ਦੀ ਅਦਾਇਗੀ ਦੇ ਨਿਯਮ ਅਨੁਸਾਰ 292 ਕਰੋੜ ਰੁਪਏ ਦੀ ਬਣਦੀ ਅਦਾਇਗੀ ਦੇ ਮੁਕਾਬਲੇ 335.7 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਭਾਵ ਕਣਕ ਵਿਕਣ ਦੇ 48 ਘੰਟੇ ਤੋਂ ਵੀ ਘੱਟ ਸਮੇਂ ਵਿਚ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਆ ਰਹੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਜਲਾਲਾਬਾਦ ਬਲਕਰਨ ਸਿੰਘ, ਤਹਿਸੀਲਦਾਰ ਸੁਖਦੇਵ ਸਿੰਘ, ਡੀਐਫਐਸਸੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ, ਡੀਐਮ ਮਾਰਕਫੈਡ ਵਿਪਨ ਕੁਮਾਰ ਅਤੇ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀ ਵੀ ਹਾਜਰ ਸਨ।