20 ਅਕਤੂਬਰ 2024: ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ (Deputy Commissioner Dr. Himanshu Aggarwal) ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਅਹਿਮ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ ਮੀਟਿੰਗ ਵਿੱਚ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਗੌਤਮ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ (Deputy Commissioner) ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਣਵੱਤਾ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਰੇਰੂ-ਧੋਗੜੀ ਰੋਡ, ਲੰਮਾ-ਪਿੰਡ-ਜੰਡੂ ਸਿੰਘਾ ਰੋਡ, ਆਦਮਪੁਰ ਏਅਰਪੋਰਟ ਅਪਰੋਚ ਰੋਡ, ਬਰਲਟਨ ਪਾਰਕ ਵਿਖੇ ਸਪੋਰਟਸ ਹੱਬ, ਸੁਭਾਨਾ ਰੇਲਵੇ ਅੰਡਰਪਾਸ ਪ੍ਰਾਜੈਕਟ, ਸੀਵਰੇਜ ਲਾਈਨ ਵਿਛਾਉਣ ਸਮੇਂ ਨੁਕਸਾਨੀਆਂ ਗਈਆਂ ਸੜਕਾਂ ਦੇ ਪੁਨਰ ਨਿਰਮਾਣ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
ਡਾ.ਅਗਰਵਾਲ ਨੇ ਕਿਹਾ ਕਿ ਅਧਿਕਾਰੀ ਖੁਦ ਫੀਲਡ ਵਿੱਚ ਜਾ ਕੇ ਵਿਕਾਸ ਕਾਰਜਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ, ਤਾਂ ਜੋ ਉਨ੍ਹਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾ ਸਕੇ। ਰੇਰੂ-ਧੋਗੜੀ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਈਪ ਲਾਈਨ ਵਿਛਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਤਾਂ ਜੋ ਉਸ ਤੋਂ ਬਾਅਦ ਸੜਕ ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਲੰਮਾ ਿਪੰਡ-ਜੰਡੂ ਸਿੰਘਾ ਸੜਕ ਦੀ ਪ੍ਰਗਤੀ ਸਬੰਧੀ ਜਾਣਕਾਰੀ ਲੈਂਦੇ ਹੋਏ ਪੀ.ਐਸ.ਪੀ.ਸੀ.ਐਲ. ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਦੇ ਖੰਭਿਆਂ ਨੂੰ ਸ਼ਿਫਟ ਕੀਤਾ ਜਾਵੇ ਤਾਂ ਜੋ ਚਾਰ ਮਾਰਗੀ ਸੜਕ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ।
ਬਰਲਟਨ ਪਾਰਕ ਵਿੱਚ ਸਪੋਰਟਸ ਹੱਬ ਪ੍ਰਾਜੈਕਟ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਸੀਵਰੇਜ ਲਾਈਨ ਵਿਛਾਉਣ ਸਮੇਂ ਨੁਕਸਾਨੀਆਂ ਗਈਆਂ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਤੇਜ਼ ਕਰਨ ਲਈ ਕਿਹਾ ਹੈ।