July 2, 2024 9:42 pm
dengue

ਦਿੱਲੀ ‘ਚ ਤੇਜ਼ੀ ਨਾਲ ਵਧ ਰਹੇ ਨੇ ਡੇਂਗੂ ਦੇ ਮਾਮਲੇ, ਪਿਛਲੇ ਸਾਲ ਦਾ ਤੋੜਿਆ ਰਿਕਾਰਡ

ਚੰਡੀਗੜ੍ਹ 17 ਅਕਤੂਬਰ 2022: ਰਾਜਧਾਨੀ ਦਿੱਲੀ ਵਿੱਚ ਡੇਂਗੂ (Dengue) ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਵੇਲੇ ਪਿਛਲੇ ਹਫ਼ਤੇ ਨਾਲੋਂ ਹਰ ਹਫ਼ਤੇ ਵੱਧ ਕੇਸ ਦਰਜ ਹੋ ਰਹੇ ਹਨ। ਪਿਛਲੇ ਇੱਕ ਹਫ਼ਤੇ ਵਿੱਚ ਡੇਂਗੂ ਦੇ 314 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਪਹਿਲੇ ਹਫ਼ਤੇ 254 ਮਾਮਲੇ ਦਰਜ ਕੀਤੇ ਗਏ। ਇਸ ਸਾਲ ਡੇਂਗੂ ਦੇ ਕੁੱਲ ਕੇਸ ਵਧ ਕੇ 1,572 ਹੋ ਗਏ ਹਨ, ਜੋ ਪਿਛਲੇ ਸਾਲ ਹੁਣ ਤੱਕ ਸਾਹਮਣੇ ਆਏ ਕੇਸਾਂ ਨਾਲੋਂ ਕਿਤੇ ਵੱਧ ਹਨ।

ਡੇਂਗੂ (Dengue) ਦੇ ਵਧਦੇ ਮਾਮਲੇ ਇਸ ਗੱਲ ਦਾ ਸੰਕੇਤ ਹਨ ਕਿ ਜੇਕਰ ਐੱਮ.ਸੀ.ਡੀ (MCD) ਅਤੇ ਦਿੱਲੀ ਦੇ ਨਾਗਰਿਕਾਂ ਨੇ ਮੱਛਰਾਂ ਦੀ ਪੈਦਾਵਾਰ ਨੂੰ ਘੱਟ ਕਰਨ ਲਈ ਗੰਭੀਰਤਾ ਨਾ ਦਿਖਾਈ ਤਾਂ ਸਥਿਤੀ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਬਦਤਰ ਹੋ ਸਕਦੀ ਹੈ। ਪਿਛਲੇ ਸਾਲ ਦਿੱਲੀ ਵਿੱਚ ਡੇਂਗੂ ਦੇ 9,613 ਮਾਮਲੇ ਦਰਜ ਹੋਏ ਸਨ ਅਤੇ ਇਸ ਕਾਰਨ 23 ਜਣਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਮਲੇਰੀਆ ਦੇ 167 ਅਤੇ ਚਿਕਨਗੁਨੀਆ ਦੇ 89 ਕੇਸ ਵੀ ਦਰਜ ਕੀਤੇ ਗਏ ਹਨ । ਇਸ ਸਾਲ ਮਲੇਰੀਆ ਦੇ ਕੇਸ ਪਿਛਲੇ ਸਾਲ ਦੇ ਕੁੱਲ ਨਾਲੋਂ ਵੱਧ ਹਨ। ਇਸ ਸਾਲ ਮਲੇਰੀਆ ਦੇ ਕੁੱਲ ਕੇਸ 182 ਤੱਕ ਪਹੁੰਚ ਗਏ ਹਨ।

ਪਿਛਲੇ ਸਾਲ 1 ਅਕਤੂਬਰ ਤੋਂ 31 ਦਸੰਬਰ ਦਰਮਿਆਨ ਦਿੱਲੀ ਵਿੱਚ 71 ਫੀਸਦੀ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਇਸ ਸਾਲ ਅਕਤੂਬਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ। ਐਮਸੀਡੀ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਅਕਤੂਬਰ ‘ਚ ਡੇਂਗੂ ਦੇ 1,196 ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਇਸ ਸਾਲ ਅਕਤੂਬਰ ‘ਚ ਸਿਰਫ 12 ਦਿਨਾਂ ‘ਚ 635 ਮਾਮਲੇ ਦਰਜ ਕੀਤੇ ਗਏ ਸਨ।