TheUnmute.com

ਈਰਾਨ ‘ਚ ਫਾਇਰ ਫੈਸਟੀਵਲ ‘ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, 11 ਜਣਿਆਂ ਦੀ ਮੌਤ, 3550 ਜ਼ਖਮੀ

ਚੰਡੀਗੜ੍ਹ, 16 ਮਾਰਚ 2023: ਈਰਾਨ (Iran) ਵਿੱਚ ਫਾਇਰ ਫੈਸਟੀਵਲ (ਚਹਾਰਸ਼ਾਂਬੇ ਸਰੀ) ਦੌਰਾਨ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ 11 ਜਣਿਆਂ ਦੀ ਮੌਤ ਹੋ ਗਈ ਅਤੇ ਲਗਭਗ 3,550 ਜ਼ਖਮੀ ਹੋਏ। ਫਾਰਸੀ ਨਵੇਂ ਸਾਲ ਤੋਂ ਪਹਿਲਾਂ ਇਸ ਤਿਉਹਾਰ ਦੌਰਾਨ ਈਰਾਨ ਵਿੱਚ ਇੱਕ ਵਾਰ ਫਿਰ ਸਰਕਾਰ ਵਿਰੋਧੀ ਵੱਡੇ ਪੱਧਰ ‘ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਹੇ ਹਨ । 20 ਫਰਵਰੀ ਤੋਂ ਚੱਲ ਰਹੇ ਇਸ ਪ੍ਰਦਰਸ਼ਨ ਵਿੱਚ ਹੁਣ ਤੱਕ ਕਰੀਬ 27 ਜਣਿਆਂ ਦੀ ਮੌਤ ਹੋ ਚੁੱਕੀ ਹੈ |

ਈਰਾਨ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੌਰਾਨ, ਲੋਕਾਂ ਨੇ ਪੁਲਿਸ ‘ਤੇ ਪਟਾਕੇ ਅਤੇ ਛੋਟੇ ਘਰੇਲੂ ਬੰਬ ਸੁੱਟੇ। ਇਸ ਦੇ ਨਾਲ ਹੀ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਅਤੇ ਈਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਚਹਾਰਸ਼ਾਂਬੇ ਸੂਰੀ ਦੇ ਮੌਕੇ ‘ਤੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ‘ਚ 3 ਦਿਨਾਂ ਲਈ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ।

ਪਿਛਲੇ ਸਾਲ ਮਹਸਾ ਅਮਿਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਹਿਜਾਬ ਵਿਰੋਧੀ ਅਤੇ ਫਿਰ ਸਰਕਾਰ ਵਿਰੋਧੀ ਅੰਦੋਲਨ ਚੱਲ ਰਹੇ ਹਨ। ਦਰਅਸਲ, 16 ਸਤੰਬਰ 2022 ਨੂੰ 22 ਸਾਲਾ ਮਹਸਾ ਅਮਿਨੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਈਰਾਨ (Iran) ਦੀ ਨੈਤਿਕਤਾ ਪੁਲਿਸ ਨੇ ਮਹਸਾ ਅਮਿਨੀ ਨੂੰ 3 ਦਿਨ ਪਹਿਲਾਂ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਕਥਿਤ ਤੌਰ ‘ਤੇ ਮਹਸਾ ਅਮਿਨੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਮਹਸਾ ਕੋਮਾ ਵਿਚ ਚਲੀ ਗਈ ਅਤੇ ਫਿਰ ਉਸ ਦੀ ਮੌਤ ਹੋ ਗਈ।

Iran

ਈਰਾਨ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਪਿਛਲੇ ਕੁਝ ਮਹੀਨਿਆਂ ‘ਚ ਪ੍ਰਦਰਸ਼ਨਾਂ ‘ਚ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਇਸ ਦੌਰਾਨ ਕਰੀਬ 530 ਪ੍ਰਦਰਸ਼ਨਕਾਰੀ ਮਾਰੇ ਗਏ ਹਨ ਅਤੇ 20,000 ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ, 13 ਮਾਰਚ ਨੂੰ, ਈਰਾਨ ਦੀ ਸਰਕਾਰ ਨੇ ਹਿਜਾਬ ਪਹਿਨਣ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ 22,000 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ ਈਰਾਨ ਦੇ ਨਿਆਂਪਾਲਿਕਾ ਮੁਖੀ ਨੇ ਕੀਤਾ।

Exit mobile version