Site icon TheUnmute.com

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਲਡ ਰਿਕਾਰਡ ਬਣਾਉਣ ਵਾਲੇ ਸਿੱਖ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਸਨਮਾਨ

ਕੁੰਵਰ ਅੰਮ੍ਰਿਤਬੀਰ ਸਿੰਘ

ਨਵੀਂ ਦਿੱਲੀ, 01 ਸਤੰਬਰ 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਅੱਜ ਪੁਸ਼ਅੱਪ ਵਿਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਪੰਜਾਬ ਦੇ ਗੁਰਦਾਸਪੁਰ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਸਨਮਾਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਆਪਣੇ ਜਜ਼ਬੇ ਤੇ ਪਰਿਵਾਰ ਦੇ ਸਹਿਯੋਗ ਨਾਲ ਮੱਲਾਂ ਮਾਰੀਆਂ ਤੇ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ ਤੇ ਬਰੂਸ ਲੀ ਦਾ ਰਿਕਾਰਡ ਤੋੜਿਆ ਜੋ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਦੱਸਿਆ ਕਿ ਬਰੂਸ ਲੀ ਨੇ 83 ਵਾਰ ਡੰਡ ਬੈਠਕਾਂ ਮਾਰੀਆਂ ਤੇ ਇਸ ਨੌਜਵਾਨ ਨੇ ਉਂਗਲਾਂ ’ਤੇ 86 ਵਾਰ ਡੰਡ ਬੈਠਕਾਂ ਮਾਰੀਆਂ ਹਨ।

ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਨੌਜਵਾਨ ਨੇ ਕਿਸੇ ਜਿੰਮ ਵਿਚ ਮੈਂਬਰਸ਼ਿਪ ਨਹੀਂ ਲਈ ਤੇ ਘਰ ਦੀ ਖੁਰਾਕ ਖਾ ਕੇ ਘਰ ਵਿਚ ਪ੍ਰੈਕਟਿਸ ਕਰ ਕੇ ਬਿਨਾਂ ਕਿਸੇ ਹੋਰ ਚੀਜ਼ ਦੀ ਪ੍ਰੈਕਟਿਸ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਇਸ ਨੌਜਵਾਨ ਨੂੰ ਵਧਾਈ ਦੇਣ ਤੇ ਇਸਦਾ ਸਨਮਾਨ ਕਰਨ ਦਾ ਫੈਸਲਾ ਲਿਆ।

ਉਹਨਾਂ ਕਿਹਾ ਕਿ ਨੌਜਵਾਨ ਵਰਗ ਵਾਸਤੇ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜਾ ਪ੍ਰੋਟੀਨ ਉਹ ਲੈਂਦੇ ਹਨ, ਡਾਕਟਰਾਂ ਨੇ ਉਹ ਮਨਾ ਕੀਤਾ ਹੈ। ਉਹਨਾਂ ਕਿਹਾ ਕਿ ਕੁੰਵਰ ਅਜੈਬੀਰ ਸਿੰਘ ਵਾਂਗ ਨੌਜਵਾਨਾਂ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਨੌਜਵਾਨ ਪੁਸ਼ ਅੱਪ ਮੈਨ ਵਜੋਂ ਮਸ਼ਹੂਰ ਹੈ ਪਰ ਅਸੀਂ ਇਸਨੂੰ ਪੁਸ਼ ਅੱਪ ਸਿੱਖ ਦਾ ਨਾਂ ਦਿਆਂਗੇ।

ਦੋਵਾਂ ਆਗੂਆਂ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਸਾਡੇ ਦੇਸ਼ ਦਾ ਕੋਈ ਵੀ ਬੱਚਾ, ਹਿੰਦੋਸਤਾਨ ਦਾ ਕੋਈ ਵੀ ਬੱਚਾ ਕੌਮਾਂਤਰੀ ਪੱਧਰ ’ਤੇ ਪ੍ਰਾਪਤੀਆਂ ਕਰਦਾ ਹੈ। ਉਹਨਾਂ ਕਿਹਾ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਜੋ ਮੀਲ ਪੱਥਰ ਸਥਾਪਿਤ ਕੀਤਾ ਹੈ ਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ ਇਸ ਨਾਲ ਪੰਜਾਬ ਤੇ ਸਿੱਖਾਂ ਦਾ ਵੀ ਮਾਣ ਵਧਿਆ ਹੈ।

ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਹਾਕੀ ਵਿਚ ਸੀਨੀਅਰ ਬਲਬੀਰ ਸਿੰਘ ਦੁਨੀਆਂ ਵਿਚ ਖੇਡਾਂ ਵਾਸਤੇ ਜਾਣੇ ਜਾਂਦੇ ਸਨ। ਉਹਨਾਂ ਕਿਹਾ ਕਿ ਜਦੋਂ ਹਾਕੀ ਦਾ ਮੈਚ ਹੁੰਦਾ ਸੀ ਤਾਂ 11 ਵਿਚੋਂ 10 ਸਿੱਖ ਖਿਡਾਰੀ ਖੇਡਦੇ ਹੁੰਦੇ ਸਨ। ਉਹਨਾਂ ਕਿਹਾ ਕਿ ਫੁੱਟਬਾਲ ਦਾ ਵਰਲਡ ਕੱਪ ਵੀ ਭਾਰਤ ਨੇ ਜਰਨੈਲ ਸਿੰਘ ਨਾਂ ਦੇ ਸਿੱਖ ਦੀ ਅਗਵਾਈ ਹੇਠ ਜਿੱਤਿਆ।

ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਜੇਕਰ ਮਿਥ ਲਿਆ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਕ ਪਾਸੇ ਨੌਜਵਾਨ ਪੰਜਾਬ ਵਿਚ ਨਸ਼ਿਆਂ ਦਾ ਸ਼ਿਕਾਰ ਹਨ ਤੇ ਦੂਜੇ ਪਾਸੇ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਘਰ ਵਿਚ ਰੁੱਖੀ ਸੁੱਕੀ ਖਾ ਕੇ ਇੰਨਾ ਵੱਡਾ ਮਾਣ ਹਾਸਲ ਕੀਤਾ ਹੈ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਵੀ ਸਿੱਖ ਬੱਚੇ ਕਿਸੇ ਵੀ ਖੇਤਰ ਵਿਚ ਕੋਈ ਮੱਲ ਮਾਰਦੇ ਹਨ ਤਾਂ ਦਿੱਲੀ ਕਮੇਟੀ ਉਹਨਾਂ ਦੀ ਸਹਾਇਤਾ ਵਾਸਤੇ ਹਮੇਸ਼ਾ ਤਿਆਰ ਰਹਿੰਦੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬੱਚੇ ਦੀ ਵੀ ਮਦਦ ਕਰਾਂਗੇ। ਉਹਨਾਂ ਕਿਹਾ ਕਿ ਸਾਡਾ ਸਿਰਫ ਇਕ ਹੀ ਮਕਸਦ ਹੈ ਕਿ ਜਦੋਂ ਤੁਸੀਂ ਸਿੱਖ ਪਰਿਵਾਰ ਵਿਚ ਪੈਦਾ ਹੋਏ ਤਾਂ ਤੁਸੀਂ ਸਿੱਖੀ ਸਰੂਪ ਵਿਚ ਰਹਿ ਕੇ ਪ੍ਰਾਪਤੀਆਂ ਹਾਸਲ ਕਰੋ।

Exit mobile version