ਚੰਡੀਗੜ੍ਹ, 21 ਦਸੰਬਰ 2024: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਐਕਸਾਈਜ਼ ਨੀਤੀ ਮਾਮਲੇ ‘ਚ ਮੁਕੱਦਮਾ ਚਲਾਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਿਕਰਯੋਗ ਹੈ ਕਿ 5 ਦਸੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਵਿੰਦ ਕੇਜਰੀਵਾਲ (Arvind Kejriwal) ‘ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਗੀ ਸੀ। ਦਿੱਲੀ ਹਾਈ ਕੋਰਟ 30 ਜਨਵਰੀ 2025 ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਦੀ ਚਾਰਜਸ਼ੀਟ ਨੂੰ ਨੋਟਿਸ ਲੈਣ ਦੇ ਆਦੇਸ਼ ਵਿਰੁੱਧ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ।
ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਕੇਜਰੀਵਾਲ (Arvind Kejriwal) ਦੇ ਵਕੀਲ ਦੀ ਬੇਨਤੀ ‘ਤੇ ਸ਼ੁਰੂ ‘ਚ 19 ਫਰਵਰੀ 2025 ਨੂੰ ਕੇਸ ਸੂਚੀਬੱਧ ਕੀਤਾ ਸੀ। ਇਸ ਤੋਂ ਬਾਅਦ 30 ਜਨਵਰੀ ਨੂੰ ਕਰ ਦਿੱਤਾ ਗਿਆ। ਕੇਜਰੀਵਾਲ ਦੇ ਵਕੀਲ ਨੇ ਈਡੀ ਦੀ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਦਾ ਵਿਰੋਧ ਕਰਦਿਆਂ ਕਿਹਾ, ‘ਇੱਥੇ ਇੱਕ ਵਿਅਕਤੀ ਹੈ ਜਿਸ ਦੀਆਂ ਚੋਣਾਂ ਜਨਵਰੀ ‘ਚ ਆ ਰਹੀਆਂ ਹਨ ਅਤੇ ਉਹ ਕੇਸ ਦੀ ਬਹਿਸ ਕਰਨ ਲਈ ਦੂਜੇ ਪੱਖ ਦੀ ਬੇਅੰਤ ਉਡੀਕ ਕਰ ਰਿਹਾ ਹੈ।’ ਅਦਾਲਤ ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਇਸੇ ਤਰ੍ਹਾਂ ਦੀ ਪਟੀਸ਼ਨ ‘ਤੇ ਵੀ ਸੁਣਵਾਈ 30 ਜਨਵਰੀ 2025 ਨੂੰ ਤੈਅ ਕੀਤੀ ਹੈ।