ਮਹਿਲਕਲਾਂ 05 ਨਵੰਬਰ 2022 (ਦਲਜੀਤ ਕੌਰ ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੀ ਮੀਟਿੰਗ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਸਾਹਿਬ ਸਿੰਘ ਬਡਬਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਅਤੇ ਜਥੇਬੰਦੀ ਨੂੰ ਮਜਬੂਤ ਕਰਨ, ਜਥੇਬੰਦੀ ਦਾ ਘੇਰਾ ਵਿਸ਼ਾਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।
ਇਸ ਮੀਟਿੰਗ ਵਿੱਚ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਰਾਏਸਰ ਨੇ ਦੱਸਿਆ ਕਿ 19 ਨਵੰਬਰ 22 ਨੂੰ ਦਿੱਲੀ ਮੋਰਚਾ ਫਤਿਹ ਦਿਵਸ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 19 ਨਵੰਬਰ ਨੂੰ ਘਰਾਂ ਉਪਰ ਦੀਪਮਾਲਾ ਕੀਤੀ ਜਾਵੇਗੀ, 26 ਨਵੰਬਰ ਨੂੰ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਤੇ ਚੰਡੀਗੜ੍ਹ ਵਿੱਚ ਇਕੱਠ ਕਰਕੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਗਵਰਨਰ ਹਾਊਸ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਦਿਨ ਦਾ ਹੋਵੇਗਾ। ਕਿਸਾਨਾਂ ਦਾ ਇਕੱਠ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤਾ ਜਾਵੇਗਾ। ਗਵਰਨਰ ਪੰਜਾਬ ਨੂੰ ਦੋ ਮੰਗ ਪੱਤਰ ਦਿੱਤੇ ਜਾਣਗੇ ਇੱਕ ਐਸ ਕੇ ਐਮ ਦੀਆਂ ਮੰਗਾਂ ਦਾ ਅਤੇ ਦੂਜਾ ਪੰਜਾਬ ਦੀਆਂ ਕੇਂਦਰ ਨਾਲ ਸਾਂਝੀਆਂ ਮੰਗਾਂ ਦਾ, ਪਹਿਲੇ ਮੰਗ ਪੱਤਰ ਨੂੰ ਮੁੱਖ ਮੰਤਰੀ ਨੂੰ ਭੇਜ ਕੇ ਮੀਟਿੰਗ ਮੰਗੀ ਜਾਵੇਗੀ। ਕੇਂਦਰ ਦੀ ਹਕੂਮਤ ਵੱਲੋਂ ਜੀ. ਐੱਮ.ਸਰ੍ਹੋਂ ਬੀਜਣ ਦੀ ਨੀਤੀ ਦਾ ਕਿਸਾਨ ਮੋਰਚਾ ਵਿਰੋਧ ਕਰੇਗਾ। ਬਲਾਕ ਮਹਿਲਕਲਾਂ ਵੱਲੋਂ ਇਨ੍ਹਾਂ ਸੰਘਰਸ਼ ਸੱਦਿਆਂ ਨੂੰ ਲਾਗੂ ਕਰਨ ਲਈ ਠੋਸ ਵਿਉਂਤਬੰਦੀ ਕੀਤੀ ਗਈ। ਸਾਉਣੀ ਦੀ ਫਸਲ ਮੌਕੇ ਕਿਸਾਨੀ ਸੰਘਰਸ਼ ਲਈ ਸੀਜਨਲ ਫੰਡ ਇਕੱਠਾ ਕਰਨ ਦੀ ਵਿਉਂਤਬੰਦੀ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ 19 ਨਵੰਬਰ 2021 ਨੂੰ ਤਿੰਨਾਂ ਕਾਲੇ ਕਾਨੂੰਨ ਮੋਦੀ ਹਕੂਮਤ ਨੂੰ ਰੱਦ ਕਰਨ ਲਈ ਸਿਰੜੀ ਕਿਸਾਨ ਨੇ ਮਜਬੂਰ ਕੀਤਾ ਸੀ। ਇਸ ਦਿਨ ਨੂੰ ਹਰ ਘਰ ਅੱਗੇ ਦੀਵੇ, ਮੋਮਬੱਤੀਆਂ, ਦੀਪਮਾਲਾ ਕਰਕੇ ਮਨਾਇਆ ਜਾਵੇਗਾ। 26 ਨਵੰਬਰ ਨੂੰ ਕਿਸਾਨ ਸੰਘਰਸ਼ ਦੇ ਦਿੱਲੀ ਵੱਲ ਚਾਲੇ ਪਾਉਣ ਦੇ ਦੋ ਸਾਲ ਪੂਰੇ ਹੋਣ ਸਮੇਂ ਮਹਿਲਕਲਾਂ ਬਲਾਕ ਦੇ ਪਿੰਡਾਂ ਵਿੱਚੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਰਾਜ ਭਵਨ ਵੱਲ ਮਾਰਚ ਕਰੇਗਾ। ਇਨ੍ਹਾਂ ਸੰਘਰਸ਼ ਪ੍ਰੋਗਰਾਮਾਂ ਦੀ ਤਿਆਰੀ ਲਈ ਹਰ ਪਿੰਡ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਬਾਰੇ ਵੀ ਵਿਚਾਰ ਚਰਚਾ ਕਰਦਿਆਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਜੋਰਦਾਰ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜਗਰੂਪ ਸਿੰਘ ਗਹਿਲ, ਅਮਰਜੀਤ ਸਿੰਘ ਮਹਿਲ ਖੁਰਦ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਜੱਗੀ ਰਾਏਸਰ, ਗੁਰਪ੍ਰੀਤ ਸਿੰਘ ਸਹਿਜੜਾ, ਸੋਹਣ ਸਿੰਘ ਗੋਬਿੰਦਗੜ੍ਹ, ਕੁਲਦੀਪ ਸਿੰਘ ਨਿਹਾਲੂਵਾਲ, ਹਰਪਾਲ ਸਿੰਘ ਹਰਦਾਸਪੁਰਾ, ਜਸਵੰਤ ਸਿੰਘ ਛਾਪਾ, ਹਰੀ ਸਿੰਘ ਮਹਿਲਕਲਾਂ, ਅੰਗਰੇਜ਼ ਸਿੰਘ ਰਾਏਸਰ, ਮੁਕੰਦ ਸਿੰਘ ਕੁਰੜ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।