ਚੰਡੀਗੜ੍ਹ 25, ਫਰਵਰੀ 2023: ਦਿੱਲੀ ਹਾਈਕੋਰਟ ਨੇ ਸਥਾਈ ਕਮੇਟੀ (Standing Committee) ਦੀ ਮੁੜ ਚੋਣ ‘ਤੇ ਰੋਕ ਲਾ ਦਿੱਤੀ ਹੈ। ਹਾਈਕੋਰਟ ਨੇ ਐੱਲਜੀ , ਮੇਅਰ ਅਤੇ ਦਿੱਲੀ ਨਗਰ ਨਿਗਮ ਨੂੰ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਬੈਲਟ ਪੇਪਰ, ਸੀਸੀਟੀਵੀ ਫੁਟੇਜ ਅਤੇ ਹੋਰ ਦਸਤਾਵੇਜ਼ ਸੁਰੱਖਿਅਤ ਰੱਖਣ ਦੇ ਵੀ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਬੀਜੇਪੀ ਦੇ ਦੋ ਕੌਂਸਲਰਾਂ ਸ਼ਿਖਾ ਰਾਏ ਅਤੇ ਕਮਲਜੀਤ ਸਹਿਰਾਵਤ ਨੇ ਐੱਮਸੀਡੀ ਸਥਾਈ ਕਮੇਟੀ ਚੋਣਾਂ ਦੌਰਾਨ ਮੇਅਰ ਸ਼ੈਲੀ ਓਬਰਾਏ ਵਲੋਂ ਵੋਟ ਨੂੰ ਅਵੈਧ ਘੋਸ਼ਿਤ ਕਰਨ ਦੇ ਫੈਸਲੇ ਦੇ ਖ਼ਿਲਾਫ਼ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅੱਜ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿੱਚ ਸੁਣਵਾਈ ਸੀ। ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਦੌਰਾਨ ਬੁੱਧਵਾਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਸਦਨ ਵਿੱਚ ਜੋ ਦ੍ਰਿਸ਼ ਦੇਖਣ ਨੂੰ ਮਿਲਿਆ, ਉਹ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ।
ਸਥਾਈ ਕਮੇਟੀ (Standing Committee) ਦੇ ਛੇ ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਭਾਜਪਾ ਵੱਲੋਂ ਇਕ ਵੋਟ ਰੱਦ ਕੀਤੇ ਜਾਣ ‘ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਵਿਘਨ ਪੈ ਗਈ। ‘ਆਪ’ ਅਤੇ ਭਾਜਪਾ ਦੇ ਮੈਂਬਰ ਮੇਜ਼ ’ਤੇ ਚੜ੍ਹ ਗਏ ਅਤੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਦੋਵਾਂ ਧਿਰਾਂ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਵਿੱਚ ਮਹਿਲਾ ਕੌਂਸਲਰ ਵੀ ਪਿੱਛੇ ਨਹੀਂ ਰਹੀਆਂ। ਉਨ੍ਹਾਂ ਨੇ ਇੱਕ ਦੂਜੇ ਦੇ ਵਾਲ ਖਿੱਚ ਲਏ। ਇੱਥੋਂ ਤੱਕ ਕਿ ਪੁਰਸ਼ ਕੌਂਸਲਰਾਂ ‘ਤੇ ਵੀ ਚੱਪਲਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਕੌਂਸਲਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਇਕ-ਦੂਜੇ ਖਿਲਾਫ ਅਪਸ਼ਬਦ ਬੋਲੇ। ਕਈ ਕੌਂਸਲਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ।