6 ਫਰਵਰੀ 2025: ਦਿੱਲੀ ਵਿਧਾਨ ਸਭਾ (Delhi assembly elections) ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆ ਗਏ ਹਨ। ਇਨ੍ਹਾਂ ਐਗਜ਼ਿਟ ਪੋਲ ‘ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਸੰਦਰਭ ‘ਚ ਆਮ ਆਦਮੀ ਪਾਰਟੀ ਦੀ ਬਾਗੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਬਹੁਤ ਸੂਝਵਾਨ ਹਨ। ਉਨ੍ਹਾਂ ਨੇ ਸੋਚ ਸਮਝ ਕੇ ਹੀ ਵੋਟ ਪਾਈ ਹੈ। ਐਗਜ਼ਿਟ ਪੋਲ ਕਦੇ ਸਹੀ ਹੁੰਦੇ ਹਨ, ਕਦੇ ਗਲਤ। ਇਹ ਬਹੁਤ ਨਜ਼ਦੀਕੀ ਮੁਕਾਬਲਾ ਹੈ।
ਸਵਾਤੀ ਮਾਲੀਵਾਲ ਨੇ ਅੱਗੇ ਕਿਹਾ, “ਮੈਨੂੰ ਬਸ ਉਮੀਦ ਹੈ ਕਿ ਅਗਲੀ ਸਰਕਾਰ ਦਿੱਲੀ ਦੇ ਲੋਕਾਂ ਲਈ ਕੰਮ ਕਰੇਗੀ। ਅਗਲੇ ਪੰਜ ਸਾਲਾਂ ਤੱਕ ਸੜਕਾਂ, ਪਾਣੀ, ਯਮੁਨਾ ਅਤੇ ਹਵਾ ਪ੍ਰਦੂਸ਼ਣ ਵਰਗੇ ਮੁੱਦਿਆਂ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਚਾਹੇ ਕਿਸੇ ਦੀ ਵੀ ਬਣੇ, ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਦਿੱਲੀ ਨੂੰ ਪੈਰਿਸ ਬਣਾਉਣ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੇ ਇਸ ਨੂੰ ਸੂਡਾਨ ਵਰਗਾ ਬਣਾ ਦਿੱਤਾ ਹੈ।”
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੋਟਿੰਗ ਤੋਂ ਬਾਅਦ ਗਿਣਤੀ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਚੋਣਾਂ ਨੂੰ ਲੈ ਕੇ ਐਗਜ਼ਿਟ ਪੋਲ (exit poll) ਸਾਹਮਣੇ ਆਏ ਹਨ। ਭਾਜਪਾ ਨੂੰ ਜ਼ਿਆਦਾਤਰ ਮਾਮਲਿਆਂ ‘ਚ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਦਿੱਲੀ ‘ਚ ਕਿਸ ਦੀ ਸਰਕਾਰ ਬਣੇਗੀ, ਇਹ ਤਾਂ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜੇ ਐਲਾਨੇ ਜਾਣ ‘ਤੇ ਹੀ ਪਤਾ ਲੱਗੇਗਾ। ਦਿੱਲੀ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 36 ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁੱਲ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚੋਂ 603 ਪੁਰਸ਼ ਅਤੇ 96 ਮਹਿਲਾ ਉਮੀਦਵਾਰ ਹਨ।
ਐਗਜ਼ਿਟ ਪੋਲ ਦੇ ਅੰਕੜਿਆਂ ‘ਤੇ ਇੱਕ ਨਜ਼ਰ
ਆਓ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅੰਕੜਿਆਂ ‘ਤੇ ਇੱਕ ਨਜ਼ਰ ਮਾਰੀਏ। ਪੀਪਲ ਇਨਸਾਈਟ ਦੇ ਐਗਜ਼ਿਟ ਪੋਲ ਦੇ ਅੰਦਾਜ਼ੇ ਮੁਤਾਬਕ ਦਿੱਲੀ ‘ਚ ਭਾਜਪਾ ਨੂੰ 39-44 ਸੀਟਾਂ, ‘ਆਪ’ ਨੂੰ 25-28 ਅਤੇ ਕਾਂਗਰਸ ਨੂੰ 2-3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪੀਪਲਜ਼ ਪਲਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 51-60 ਸੀਟਾਂ, ‘ਆਪ’ ਨੂੰ 10-19 ਅਤੇ ਕਾਂਗਰਸ ਨੂੰ 0 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਮੈਟਰਾਈਜ਼ ਦੇ ਐਗਜ਼ਿਟ ਪੋਲ ਦੇ ਅਨੁਮਾਨਾਂ ਮੁਤਾਬਕ ਦਿੱਲੀ ‘ਚ ਭਾਜਪਾ ਨੂੰ 35-40, ‘ਆਪ’ ਨੂੰ 32-37 ਅਤੇ ਕਾਂਗਰਸ ਨੂੰ 0-1 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪੀ-ਮਾਰਕ ਦੇ ਐਗਜ਼ਿਟ ਪੋਲ ਮੁਤਾਬਕ ਦਿੱਲੀ ‘ਚ ਭਾਜਪਾ ਨੂੰ 39-49 ਸੀਟਾਂ, ‘ਆਪ’ ਨੂੰ 21-31 ਸੀਟਾਂ ਅਤੇ ਕਾਂਗਰਸ ਨੂੰ 0-1 ਸੀਟਾਂ ਮਿਲ ਸਕਦੀਆਂ ਹਨ।
ਪੋਲ ਡਾਇਰੀ ਦੇ ਐਗਜ਼ਿਟ ਪੋਲ ਮੁਤਾਬਕ ਦਿੱਲੀ ‘ਚ ਭਾਜਪਾ ਨੂੰ 42-50, ‘ਆਪ’ ਨੂੰ 18-25 ਅਤੇ ਕਾਂਗਰਸ ਨੂੰ 0-2 ਸੀਟਾਂ ਮਿਲਣ ਦੀ ਉਮੀਦ ਹੈ। ਚਾਣਕਿਆ ਰਣਨੀਤੀ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 39-44 ਸੀਟਾਂ ਮਿਲ ਸਕਦੀਆਂ ਹਨ, ਜਦਕਿ ‘ਆਪ’ ਨੂੰ 25-28 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 2-3 ਸੀਟਾਂ ਨਾਲ ਸੰਤੁਸ਼ਟ ਹੋਣਾ ਪੈ ਸਕਦਾ ਹੈ। ਜੇਵੀਸੀ ਪੋਲ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 39 ਤੋਂ 45 ਸੀਟਾਂ, ‘ਆਪ’ ਨੂੰ 22-31 ਅਤੇ ਕਾਂਗਰਸ ਨੂੰ 0-2 ਸੀਟਾਂ ਮਿਲ ਰਹੀਆਂ ਹਨ।
Read More: ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਲੈ ਕੇ ਅਨਿਲ ਵਿਜ ਨੇ ਕੀਤਾ ਦਾਅਵਾ