Site icon TheUnmute.com

Defence: ਭਾਰਤ ਤੇ ਅਮਰੀਕਾ ਵੱਲੋਂ ਪ੍ਰੀਡੇਟਰ ਡਰੋਨ ਸਮਝੌਤੇ ‘ਤੇ ਦਸਤਖਤ, ਭਾਰਤ ਦੀ ਹਿੰਦ ਮਹਾਸਾਗਰ ‘ਚ ਵਧੇਗੀ ਤਾਕਤ

Predator drones

ਚੰਡੀਗੜ੍ਹ, 15 ਅਕਤੂਬਰ 2024: ਭਾਰਤ ਅਤੇ ਅਮਰੀਕਾ ‘ਚ 31 ਪ੍ਰੀਡੇਟਰ ਡਰੋਨ (Predator drones) ਖਰੀਦਣ ਨੂੰ ਲੈ ਕੇ ਸਮਝੌਤਾ ਹੋਇਆ ਹੈ | ਦੋਵੇਂ ਦੇਸ਼ਾਂ ਨੇ ਇਸ ਡਰੋਨ ਡੀਲ ‘ਤੇ ਦਸਤਖਤ ਕੀਤੇ ਹਨ । ਇਸ ਡੀਲ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਹ ਸੌਦਾ 32 ਹਜ਼ਾਰ ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ।

ਇਸ ਡੀਲ ਨਾਲ ਭਾਰਤ ਦੀ ਸਮੁੰਦਰ ਤੋਂ ਲੈ ਕੇ ਸਤ੍ਹਾ ਅਤੇ ਅਸਮਾਨ ਤੱਕ ਦੀ ਨਿਗਰਾਨੀ ਸਮਰੱਥਾ ਪ੍ਰਭਾਵਸ਼ਾਲੀ ਢੰਗ ਨਾਲ ਵਧੇਗੀ । ਰੱਖਿਆ ਬਾਰੇ ਕੇਂਦਰੀ ਕੈਬਨਿਟ ਕਮੇਟੀ ਨੇ ਪਿਛਲੇ ਹਫ਼ਤੇ ਹੀ ਇਸ ਸੌਦੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। ਭਾਰਤ ‘ਚ ਕਰਵਾਏ ਇਕ ਸਮਾਗਮ ‘ਚ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਅਤੇ ਫੌਜੀ ਅਧਿਕਾਰੀਆਂ ਦੀ ਮੌਜੂਦਗੀ ‘ਚ ਇਸ ਸੌਦੇ ‘ਤੇ ਦਸਤਖਤ ਕੀਤੇ ਗਏ।

ਜਿਕਰਯੋਗ ਹੈ ਕਿ ਭਾਰਤ ਵੱਲੋਂ 31 ਪ੍ਰੀਡੇਟਰ ਡਰੋਨ (Predator drones) ਖਰੀਦਣ ਦੇ ਰੱਖਿਆ ਸੌਦੇ ਦਾ ਐਲਾਨ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ ਸੀ। ਇਸ ਸੌਦੇ ਦੇ ਮਹੱਤਵ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਸੀ ਕਿ ਇਹ ਸੌਦਾ ਦੋਵਾਂ ਦੇਸ਼ਾਂ ਦੇ ਰਣਨੀਤਕ ਤਕਨੀਕੀ ਸਹਿਯੋਗ ਅਤੇ ਫੌਜੀ ਸਹਿਯੋਗ ਨੂੰ ਕਾਫ਼ੀ ਵਧਾਏਗਾ।

Read More: ICG: ਪਰਮੀਸ਼ ਸ਼ਿਵਮਣੀ ਨੇ ਇੰਡੀਅਨ ਕੋਸਟ ਗਾਰਡ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸਾਂਭਿਆ

ਇਸ ਡੀਲ ਨਾਲ ਰੱਖਿਆ ਮਾਹਰਾਂ ਮੁਤਾਬਕ ਪ੍ਰੀਡੇਟਰ ਡਰੋਨ MQ-9B ਦੀ ਪ੍ਰਾਪਤੀ ਨਾਲ ਹਿੰਦ ਮਹਾਸਾਗਰ ‘ਚ ਭਾਰਤੀ ਜਲ ਫੌਜ ਦੀ ਨਿਗਰਾਨੀ ਸ਼ਕਤੀ ਕਈ ਗੁਣਾ ਵਧ ਜਾਵੇਗੀ। ਇਹ ਪ੍ਰੀਡੇਟਰ ਡਰੋਨ ਅਮਰੀਕੀ ਕੰਪਨੀ ਜਨਰਲ ਐਟੋਮਿਕਸ ਤੋਂ ਖਰੀਦੇ ਜਾਣਗੇ। ਇਹ ਸੌਦਾ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਦਰਮਿਆਨ ਵਿਦੇਸ਼ੀ ਫੌਜੀ ਵਿਕਰੀ ਸਮਝੌਤੇ ਤਹਿਤ ਕੀਤਾ ਗਿਆ ਹੈ। ਸੌਦੇ ਤਹਿਤ ਮਿਲੇ 31 ਪ੍ਰੀਡੇਟਰ ਡਰੋਨਾਂ ‘ਚੋਂ ਭਾਰਤੀ ਜਲ ਫੌਜ ਨੂੰ 15 ਡਰੋਨ ਮਿਲਣਗੇ। ਜਦੋਂ ਕਿ ਏਅਰ ਫੋਰਸ ਅਤੇ ਆਰਮੀ ਨੂੰ 8-8 ਡਰੋਨ ਮਿਲਣਗੇ।

ਚੀਨ ਜਿਸ ਤਰ੍ਹਾਂ ਹਿੰਦ ਮਹਾਸਾਗਰ ‘ਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤੀ ਜਲ ਫੌਜ ਵੀ ਆਪਣੀ ਸਮਰੱਥਾ ਵਧਾ ਰਹੀ ਹੈ। MQ-B ਪ੍ਰੀਡੇਟਰ ਡਰੋਨ US MQ-9 ਰੀਪਰ ਡਰੋਨ ਦਾ ਇੱਕ ਰੂਪ ਹੈ। ਜੁਲਾਈ 2022 ‘ਚ ਅਮਰੀਕਾ ਨੇ ਇਸ ਡਰੋਨ ਤੋਂ ਹੈਲਫਾਇਰ ਮਿਜ਼ਾਈਲ ਲਾਂਚ ਕਰਕੇ ਅਲਕਾਇਦਾ ਦੇ ਅੱ.ਤ.ਵਾ.ਦੀ ਅਯਮਨ ਅਲ ਜਵਾਹਿਰੀ ਨੂੰ ਮਾਰ ਦਿੱਤਾ ਸੀ।

ਇਹ ਡਰੋਨ ਹੈਲਫਾਇਰ ਮਿਜ਼ਾਈਲ ਦੇ ਨਾਲ-ਨਾਲ 450 ਕਿਲੋਗ੍ਰਾਮ ਵਿਸਫੋਟਕ ਨਾਲ ਵੀ ਉੱਡ ਸਕਦਾ ਹੈ। ਪ੍ਰੀਡੇਟਰ ਡਰੋਨ (Predator drone) ਬਣਾਉਣ ਵਾਲੀ ਕੰਪਨੀ ਜਨਰਲ ਐਟੋਮਿਕਸ ਨੇ ਇਸ ਡਰੋਨ ਦੇ ਪਾਰਟਸ ਬਣਾਉਣ ਲਈ ਭਾਰਤੀ ਕੰਪਨੀ ਭਾਰਤ ਫੋਰਜ ਨਾਲ ਪਹਿਲਾਂ ਹੀ ਸਮਝੌਤਾ ਕੀਤਾ ਹੈ। ਕੰਪਨੀ ਭਾਰਤ ‘ਚ ਹੀ ਇਨ੍ਹਾਂ ਡਰੋਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਇੱਕ MRO ਹੱਬ ਵੀ ਸਥਾਪਿਤ ਕਰੇਗੀ। ਕੰਪਨੀ ਭਾਰਤ ਨੂੰ ਆਪਣੇ ਲੜਾਕੂ ਡਰੋਨ ਬਣਾਉਣ ‘ਚ ਵੀ ਮੱਦਦ ਕਰੇਗੀ।

MQ-9B ਰੀਪਰ ਜਾਂ ਪ੍ਰੀਡੇਟਰ ਡਰੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਡਰੋਨ 40 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉਚਾਈ ‘ਤੇ ਕਰੀਬ 40 ਘੰਟੇ ਤੱਕ ਉੱਡ ਸਕਦਾ ਹੈ। ਇਹ ਡਰੋਨ ਨਿਗਰਾਨੀ ਅਤੇ ਹਮਲੇ ਦੇ ਲਿਹਾਜ਼ ਨਾਲ ਸ਼ਾਨਦਾਰ ਹੈ ਅਤੇ ਹਵਾ ਤੋਂ ਜ਼ਮੀਨ ‘ਤੇ ਸਟੀਕ ਹਮਲੇ ਕਰਨ ਦੇ ਸਮਰੱਥ ਹੈ। ਇਹ ਹਰ ਤਰ੍ਹਾਂ ਦੇ ਮੌਸਮ ‘ਚ ਸੈਟੇਲਾਈਟ ਰਾਹੀਂ 40 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਡ ਸਕਦਾ ਹੈ।

Exit mobile version