ਸੁਖਚੈਨ ਸਿੰਘ ਗਿੱਲ

ਨਸ਼ਿਆਂ ਖ਼ਿਲਾਫ ਫ਼ੈਸਲਾਕੁੰਨ ਜੰਗ: ਇੱਕ ਹਫ਼ਤੇ ‘ਚ 4.18 ਕਿੱਲੋ ਹੈਰੋਇਨ, 6.46 ਕਿੱਲੋ ਅਫ਼ੀਮ ਤੇ 37 ਕਿੱਲੋ ਗਾਂਜਾ ਸਮੇਤ 301 ਨਸ਼ਾ ਤਸਕਰ ਗ੍ਰਿਫ਼ਤਾਰ

ਚੰਡੀਗੜ੍ਹ 29 ਨਵੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਫ਼ੈਸਲਾਕੁੰਨ ਜੰਗ ਤਹਿਤ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ 231 ਐੱਫ.ਆਈ.ਆਰਜ਼., ਜਿਨ੍ਹਾਂ ਵਿੱਚ 23 ਕਮਰਸ਼ੀਅਲ ਮਾਮਲੇ ਵੀ ਸ਼ਾਮਲ ਹਨ, ਦਰਜ ਕਰਕੇ 301 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ 4.18 ਕਿਲੋਗ੍ਰਾਮ ਹੈਰੋਇਨ, 6.46 ਕਿਲੋਗ੍ਰਾਮ ਅਫੀਮ, 37 ਕਿਲੋਗ੍ਰਾਮ ਗਾਂਜਾ, 10 ਕੁਇੰਟਲ ਭੁੱਕੀ ਅਤੇ 71 ਹਜ਼ਾਰ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਇੰਜੈਕਸ਼ਨ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ 7.45 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ. ਕੇਸਾਂ ਵਿੱਚ ਭਗੌੜੇ ਹੋਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ 5 ਜੁਲਾਈ, 2022 ਨੂੰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਿਛਲੇ ਇਕ ਹਫ਼ਤੇ ਦੌਰਾਨ 15 ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਜਾਣ ਨਾਲ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 459 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਗੌਰਵ ਯਾਦਵ ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਜੁੜੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਥੋੜ੍ਹੀ ਮਾਤਰਾ ਵਿੱਚ ਹੀ ਨਸ਼ੇ ਦੀ ਬਰਾਮਦਗੀ ਹੋਈ ਹੋਵੇ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਇਸ ਸਰਹੱਦੀ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀ.ਜੀ.ਪੀ. ਨੇ ਸਾਰੇ ਸੀ.ਪੀਜ਼./ਐਸ.ਐਸ.ਪੀਜ਼. ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਨਸ਼ੇ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ਅਤੇ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਨ। ਉਨ੍ਹਾਂ ਨੇ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਨਾਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ |

Scroll to Top