ਚੰਡੀਗੜ੍ਹ, 01 ਜਨਵਰੀ 2024: ਪੰਜਾਬ ਦੇ ਜਲੰਧਰ ਦੇ ਕਸਬਾ ਆਦਮਪੁਰ (Adampur) ‘ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ‘ਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55 ਸਾਲ ), ਉਸ ਦੀ ਘਰਵਾਲੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32 ਸਾਲ ), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31 ਸਾਲ ) ਅਤੇ ਜੋਤੀ ਦੀ ਬੇਟੀ ਅਮਨ (3 ਸਾਲ ) ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਰਿਆਂ ਦੇ ਗਲੇ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਹਾਲਾਂਕਿ ਬਾਕੀ ਲਾਸ਼ਾਂ ‘ਤੇ ਵੀ ਨਿਸ਼ਾਨ ਸਨ। ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਾਰਿਆਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਘਟਨਾ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਰਾਤ ਕਰੀਬ 9 ਵਜੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਇਲਾਕੇ ਦੀ ਪੀਸੀਆਰ ਟੀਮ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਘਟਨਾ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਆਦਮਪੁਰ ਇਲਾਕੇ ਦੇ ਡੀਐਸਪੀ ਵਿਜੇ ਕੁੰਵਰ ਪ੍ਰਤਾਪ, ਥਾਣਾ ਆਦਮਪੁਰ ਦੇ ਐਸਐਚਓ ਮਨਜੀਤ ਸਿੰਘ ਅਤੇ ਸੀਆਈਏ ਸਟਾਫ ਦਿਹਾਤੀ ਪੁਲੀਸ ਆਪਣੀਆਂ ਦੋ ਟੀਮਾਂ ਨਾਲ ਜਾਂਚ ਲਈ ਮੌਕੇ ’ਤੇ ਪਹੁੰਚ ਗਏ।
ਮੌਕੇ ‘ਤੇ ਮੌਜੂਦ ਗੁਆਂਢੀ ਨੇ ਪੁਲਿਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਤੋਂ ਪੂਰੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਦੇ ਬਾਹਰ ਨਹੀਂ ਦੇਖਿਆ ਗਿਆ। ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਕਿਸੇ ਨੂੰ ਬੋਲਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਮਨਮੋਹਨ ਦਾ ਜਵਾਈ ਸਰਬਜੀਤ ਸਿੰਘ ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਨ੍ਹਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਾ।
ਸਰਬਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਆਪਣੇ ਸਹੁਰੇ ਘਰ ਪਹੁੰਚਿਆ ਸੀ। ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ‘ਤੇ ਪੀੜਤਾ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ । ਅੰਦਰ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਸਹੁਰਾ ਮਨਮੋਹਨ ਸਿੰਘ ਪੱਖੇ ਨਾਲ ਲਟਕ ਰਿਹਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੇਠਾਂ ਬੈੱਡ ‘ਤੇ ਬੇਹੋਸ਼ ਪਏ ਸਨ। ਸਾਰਿਆਂ ਦੀ ਮੌਤ ਦੀ ਖ਼ਬਰ ਪੂਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ, ਉਸ ਦੀ ਘਰਵਾਲੀ ਪ੍ਰਭਜੋਤ ਕੌਰ, ਬੇਟੀ ਅਮਨ ਅਤੇ ਭਰਜਾਈ ਗੁਰਪ੍ਰੀਤ ਕੌਰ ਉਰਫ਼ ਗੋਪੀ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ । ਗੁਰਪ੍ਰੀਤ ਪੜ੍ਹਾਈ ਵਿੱਚ ਚੰਗੀ ਸੀ। ਉਸ ਦੇ ਆਈਲੈਟਸ ਵਿਚ 8 ਬੈਂਡ ਸਨ। ਜਦੋਂਕਿ ਸਰਬਜੀਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਸੈਟਲ ਹੋਣਾ ਸੀ।
ਇਸ ਪੂਰੀ ਘਟਨਾ ਦੀ ਜਾਣਕਾਰੀ ਮ੍ਰਿਤਕ ਮਨਮੋਹਨ ਦੇ ਬੇਟੇ ਚਰਨਪ੍ਰੀਤ ਸਿੰਘ ਨੇ ਆਸਟ੍ਰੇਲੀਆ ‘ਚ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਪ੍ਰੀਤ ਕਰੀਬ ਦੋ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਹੁਣ ਉਹ ਉੱਥੇ ਆਸਟ੍ਰੇਲੀਆ ਦਾ ਨਾਗਰਿਕ ਹੈ। ਚਰਨਜੀਤ ਜਲਦੀ ਹੀ ਭਾਰਤ ਪਰਤਣਗੇ। ਜਿਸ ਤੋਂ ਬਾਅਦ ਪੁਲਿਸ ਉਸ ਦੇ ਬਿਆਨ ਵੀ ਦਰਜ ਕਰੇਗੀ।
ਸੋਮਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ‘ਚ ਕੀਤਾ ਜਾਵੇਗਾ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਨਮੋਹਨ ਸਿੰਘ ਆਦਮਪੁਰ (Adampur) ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿੰਡ ਦੇ ਹੀ ਦੋ ਵਿਅਕਤੀ ਕਰਜ਼ੇ ਨੂੰ ਲੈ ਕੇ ਪੀੜਤ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਸਨ। ਪੁਲਿਸ ਉਸ ਤੋਂ ਵੀ ਪੁੱਛਗਿੱਛ ਕਰੇਗੀ।
ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਂ ਦੀ ਮੌਤ ਕਿਵੇਂ ਅਤੇ ਕਿਸ ਸਮੇਂ ਹੋਈ। ਆਦਮਪੁਰ ਪੁਲਿਸ ਵੱਲੋਂ ਦੇਰ ਰਾਤ ਤੱਕ ਵਾਰਦਾਤ ਵਾਲੀ ਥਾਂ ਨੂੰ ਸੀਲ ਕੀਤਾ ਹੋਇਆ ਸੀ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਸੁਸਾਈਡ ਨੋਟ ਸਿਰਫ਼ ਇੱਕ ਪੰਨੇ ਦਾ ਸੀ।