July 7, 2024 10:05 am
ਅੰਮ੍ਰਿਤਸਰ

ਡੀ ਸੀ ਮੋਹਾਲੀ ਵੱਲੋਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਰੀ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ

ਐਸ.ਏ.ਐਸ ਨਗਰ 15 ਦਸੰਬਰ 2022: ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਸਿਹਤ ਮਹਿਕਮੇ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਵੱਖ ਵੱਖ ਸਕੀਮਾਂ ਦੀ ਪ੍ਰਗਤੀ ਦਾ ਜ਼ਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਉਨ੍ਹਾਂ ਸਿਵਲ ਸਰਜਨ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਵੱਧ ਤੋਂ ਵੱਧ ਸੈਂਪਲ ਭਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡੇਂਗੂ ਤੇ ਚਿਕਨਗੁਨੀਆਂ ਦੇ ਖਾਤਮੇ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਹਰ ਹਫਤੇ ਸਵੇਰੇ ਸ਼ਾਮ ਫੋਗਿੰਗ ਕਰਨ ਅਤੇ ਚਲਾਨਿੰਗ ਕਰਨ ਦੀ ਹਦਾਇਤ ਕੀਤੀ ਗਈ।

ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ ਮੀਟਿੰਗ ਦੌਰਾਨ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ, ਸਵਾਇਨ ਫਲੂ, ਹੈਪੀਟਾਇਸ ਡੀ ਅਤੇ ਸੀ, ਕੋਵਿਡ ਟੀਕਾਕਰਨ, ਆਰ.ਬੀ.ਐਸ.ਕੇ., ਮਲੇਰੀਆ, ਪੀ.ਐਨ.ਡੀ.ਪੀ., ਮੇਲੀਰੀਆ, ਡੇਂਗੂ, ਚਿਕਨਗੁਨੀਆਂ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਆਰ.ਬੀ.ਐਸ.ਕੇ. ਦੀ ਸਮੀਖਿਆ ਦੌਰਾਨ ਸਿਹਤ ਅਧਿਕਾਰੀਆਂ ਨੂੰ ਮਿਸ਼ਨ ਮੋਡ ਤੇ ਕੰਮ ਕਰਨ ਦੀ ਹਦਾਇਤ ਕਰਦਿਆ ਉਮਰ ਤੋਂ ਘੱਟ ਕੱਦ, ਭਾਰ ,ਕੁਪੌਸ਼ਣ ਦੇ ਸ਼ਿਕਾਰ ਬੱਚਿਆਂ ਦਾ ਡਾਟਾ ਤਿਆਰ ਕਰਨ ਦੀ ਹਦਾਇਤ ਕੀਤੀ।

ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੇ ਮੁਕੰਮਲ ਖਾਤਮੇ ਤੇ ਜ਼ੋਰ ਦਿੰਦਿਆ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਖੇਤਰਾਂ ਵਿੱਚ ਕਮੇਟੀਆਂ ਦੇ ਕਾਰਜਕਾਰੀ ਅਧਿਕਾਰੀ ਅਤੇ ਪੇਂਡੂ ਖੇਤਰਾਂ ਵਿੱਚ ਬੀ.ਡੀ.ਪੀ.ਓਜ਼ ਨੂੰ ਸੰਵੇਦਨਸ਼ੀਲ ਥਾਵਾਂ ਤੇ ਹਰ ਹਫਤੇ ਸਵੇਰੇ ਸ਼ਾਮ ਫੋਗਿੰਗ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਐਸ ਐਮ ਓਜ਼ ਅਤੇ ਬਲਾਕ ਪੰਚਾਇਤ ਅਫਸਰਾਂ ਨੂੰ ਉਨ੍ਹਾਂ ਅਧਿਨ ਪੈਂਦੇ ਖੇਤਰ ਵਿੱਚ ਚੈਕਿੰਗ ਕਰਨ ਅਤੇ ਖੜੇ ਪਾਣੀ ਵਿਚਲੇ ਪੈਦਾ ਹੋ ਰਹੇ ਡੇਂਗੂ ਦੇ ਲਾਰਵੇ ਨੂੰ ਵੀ ਚੈਕ ਕਰਨ ਅਤੇ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਥਾਂ ਨਾਲ ਸਬੰਧਤਾਂ ਦਾ ਚਾਲਾਨ ਕਰਨ ਦੀ ਸਖਤ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਫੂਡ ਸੇਫਟੀ ਦੇ ਤਹਿਤ ਸਿਹਤ ਵਿਭਾਗ ਕੀਤੇ ਜਾ ਰਹੇ ਕੰਮਾਂ ਦਾ ਜ਼ਾਇਜ਼ਾ ਵੀ ਲਿਆ ਅਤੇ ਫੂਡ ਸੇਫਟੀ ਅਫਸਰਾਂ ਨੂੰ ਜ਼ਿਲ੍ਹੇ ਦੀਆਂ ਸਟਰੀਟ ਫੂਡ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗਾਂ ਕਰਨ ਅਤੇ ਫੂਡ ਸੇਫਟੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਜ਼ਿਊਮਰ ਫੌਰਮ ਦੇ ਅਹੁੱਦੇਦਾਰਾਂ ਨੂੰ ਲੈ ਕੇ ਕਮੇਟੀਆਂ ਬਣਾਉਣ ਦੀ ਹਦਾਇਤ ਵੀ ਕੀਤੀ ਜੋ ਕਿ ਗੈਰ ਮਿਆਰੀ ਭੋਜਨ ਪਰੋਸ ਰਹੇ ਫੜ੍ਹੀ-ਰਹੇੜੀ ਵਾਲੇ ਅਤੇ ਦੁਕਾਨਾਂ ਦੀ ਚੈਕਿੰਗ ਕਰਨਗੀਆਂ।

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਸਾਂਝੇ ਤੋਂਰ ਸਹਿਯੋਗ ਦੇਣ । ਉਨਾਂ ਕਿਹਾ ਕਿ ਟਾਈਰਾਂ, ਫਰੀਜਾਂ ਦੀ ਟਰੇਆਂ, ਗਮਲਿਆਂ ਅਤੇ ਟੁਟੀਆਂ ਫੁਂਟੀਆਂ ਵਸਤਾਂ ਵਿੱਚ ਮੱਛਰਾਂ ਦਾ ਵੱਧ ਪ੍ਰਜਣਨ ਹੁੰਦਾ ਹੈ ਇਸ ਲਈ ਇਹਨਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਤੋਂ ਇਲਾਵਾ ਐਸ ਐਮ ਓਜ਼, ਬੀਡੀਪੀਓਜ਼ ਅਤੇ ਕਾਰਜ ਸਾਧਕ ਅਫਸਰਾਂ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਅਧਿਕਾਰੀ ਹਾਜ਼ਰ ਸਨ।