ਪਟਿਆਲਾ, 31 ਜਨਵਰੀ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Dr. Preeti Yadav) ਅੱਜ ਨਾਭਾ ਰੋਡ ‘ਤੇ ਸਥਿਤ ਡਰਾਇਵਿੰਗ ਟਰੈਕ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਲਾਇਸੈਂਸ ਬਣਵਾਉਣ ਤੇ ਡਰਾਇਵਿੰਗ ਟੈਸਟ ਦੇਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੰਮਾਂ ਲਈ ਉਨ੍ਹਾਂ ਤੋਂ ਫੀਡਬੈਕ ਵੀ ਲਿਆ |
ਨਿਰੀਖਣ ਦੌਰਾਨ ਡਾ. ਪ੍ਰੀਤੀ ਯਾਦਵ ਨੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੂੰ ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਬਣਵਾਉਣ ਦੀਆਂ ਸੇਵਾਵਾਂ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਏਜੰਟਾਂ ਦੀ ਕੋਈ ਥਾਂ ਨਹੀਂ ਹੈ | ਇਸ ਲਈ ਡਰਾਇਵਿੰਗ ਲਾਇਸੈਂਸ ਬਣਵਾਉਣ ਸਮੇਂ ਕੋਈ ਏਜੰਟ ਲੋਕਾਂ ਤੇ ਸਰਕਾਰੀ ਦਫ਼ਤਰਾਂ ਦੇ ਵਿਚਕਾਰ ਨਾ ਆਵੇ, ਇਹ ਜਰੂਰ ਯਕੀਨੀ ਬਣਾਇਆ ਜਾਵੇ |
ਡਾ. ਪ੍ਰੀਤੀ ਯਾਦਵ ਨੇ ਡਰਾਇਵਿੰਗ ਟਰੈਕ ‘ਤੇ ਲੋਕਾਂ ਵੱਲੋਂ ਆਪਣੀ ਵਾਰੀ ਦੀ ਉਡੀਕ ਲਈ ਉਨ੍ਹਾਂ ਦੇ ਬੈਠਣ ਵਾਸਤੇ ਵਧੀਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ, ਉਨ੍ਹਾਂ ਨੇ ਕਿਹਾ ਕਿ ਬਿਲਡਿੰਗ ‘ਚ ਲੋਕਾਂ ਲਈ ਪੀਣ ਵਾਲੇ ਪਾਣੀ ਅਤੇ ਬਾਥਰੂਮ ਤੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਡਰਾਇਵਿੰਗ ਟਰੈਕ, ਕਿਉਂਕਿ ਲੋਕਾਂ ਦੇ ਡਰਾਇਵਿੰਗ ਲਾਇਸੈਂਸਾਂ ਲਈ ਟੈਸਟ ਦੇਣ ਦੀ ਥਾਂਹੈ, ਇਥੇ ਲੋਕਾਂ ਦੀ ਸਹੂਲਤ ਲਈ ਕੁਝ ਹੋਰ ਜਰੂਰੀ ਤੇ ਲੋੜੀਂਦੇ ਪ੍ਰਬੰਧ ਕਰਨ ਸਮੇਤ ਇਸ ਇਮਾਰਤ ਦੀ ਜਰੂਰੀ ਮੁਰੰਮਤ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਤਰਜੀਹ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਹਾਸਲ ਹੋਣ, ਇਸ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Read More: ਪਟਿਆਲਾ ਨੂੰ ਡਾਕਟਰ ਆਪਕੇ ਦੁਆਰ” ਸਕੀਮ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਮਿਲੀ ਮੋਬਾਈਲ ਮੈਡੀਕਲ ਯੂਨਿਟ ਵੈਨ