Site icon TheUnmute.com

ਡੀ.ਸੀ. ਆਸ਼ਿਕਾ ਜੈਨ ਵੱਲੋਂ ਡਰੱਗ ਕੰਟਰੋਲ ਅਫਸਰਾਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ

Zonal Licensing Authority

ਐਸ.ਏ.ਐਸ.ਨਗਰ, 11 ਅਕਤੂਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਡਰੱਗ ਕੰਟਰੋਲ ਅਫ਼ਸਰਾਂ (Drug Control Officers) ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਤਿੱਖੀ ਨਜ਼ਰ ਰੱਖੀ ਜਾਵੇ।

ਬੀਤੀ ਦੇਰ ਸ਼ਾਮ ਡਰੱਗ ਕੰਟਰੋਲ ਅਫਸਰਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਾਰੀਆਂ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਯਕੀਨੀ ਬਣਾਉਣ ਤੋਂ ਇਲਾਵਾ, ਡਰੱਗ ਕੰਟਰੋਲ ਅਫਸਰਾਂ (Drug Control Officers) ਨੂੰ ਉਹ ਡਰੱਗ ਸਟੋਰਾਂ ਕੋਲ ਸ਼ਡਿਊਲ ਐਚ1 ਡਰੱਗਜ਼ ਦੇ ਰਿਕਾਰਡ ਦੀ ਅਚਨਚੇਤ ਜਾਂਚ ਕਰਨ ਲਈ ਆਖਿਆ। ਐਸ ਐਸ ਪੀ ਡਾ. ਸੰਦੀਪ ਗਰਗ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਲ੍ਹੇ ਦੀਆਂ ਸਰਹੱਦਾਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਲ ਲੱਗਦੀਆਂ ਹਨ, ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬਿਨਾਂ ਬਿੱਲ ਤੋਂ ਕੋਈ ਵੀ ਮੈਡੀਕਲ ਦਵਾਈ ਜ਼ਿਲ੍ਹੇ ਵਿੱਚ ਦਾਖ਼ਲ ਨਾ ਹੋ ਸਕੇ।

ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ‘ਤੇ ਅੱਠ ਦਵਾਈਆਂ (ਪੰਜਾਬ ਵਿੱਚ ਪਾਬੰਦੀਸ਼ੁਦਾ) ਦੀਆਂ ਇਜਾਜ਼ਤਾਂ ਦੀ ਜਾਂਚ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਟੇਪੇਂਟਾਡੋਲ ਅਤੇ ਨਸ਼ੀਲੇ ਪਦਾਰਥਾਂ ਜਿਵੇਂ ਕਿ ਡੈਕਸਟ੍ਰੋਪ੍ਰੋਪੌਕਸੀਫੀਨ, ਡਿਫੇਨੋਕਸੀਲੇਟ ਅਤੇ ਕੋਡੀਨ ਅਤੇ ਸਾਈਕੋਟ੍ਰੋਪਿਕ ਪਦਾਰਥ ਜਿਵੇਂ ਕਿ ਨਾਈਟਰਾਜ਼ੇਪਾਮ, ਪੈਂਟਾਜ਼ੋਸੀਨ, ਬਿਊਪ੍ਰੇਨੋਰਫਿਨ ਅਤੇ ਟ੍ਰਾਮਾਡੋਲ ਅਤੇ ਇਨ੍ਹਾਂ ਸਾਲਟਾਂ ਦੇ ਹੋਰਨਾਂ ਰੂਪਾਂ ਵਿੱਚ ਸਥਾਨਕ ਡਰੱਗ ਸਟੋਰਾਂ ਤੇ ਉਪਲਬਧ ਦਵਾਈਆਂ।

ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਨੇ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਕਿਹਾ ਕਿ ਡਰੱਗ ਕੰਟਰੋਲ ਅਫ਼ਸਰਾਂ ਦੇ ਧਿਆਨ ਵਿੱਚ ਆਉਣ ਵਾਲੀਆਂ ਸ਼ੱਕੀ ਗਤੀਵਿਧੀਆਂ ਦੇ ਮਾਮਲੇ ਵਿੱਚ ਉਹ ਪੁਲਿਸ ਦੇ ਸਹਿਯੋਗ ਨਾਲ ਸਾਂਝੀ ਜਾਂਚ ਕਰਨ। ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਨੂੰ ਉਨ੍ਹਾਂ ਕੈਮਿਸਟਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ‘ਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ੋਨਲ ਲਾਈਸੈਂਸਿੰਗ ਅਥਾਰਟੀ ਦੀ ਅਗਵਾਈ ਹੇਠ ਡਰੱਗ ਕੰਟਰੋਲ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ, ਉਨ੍ਹਾਂ ਨੂੰ ਦਿੱਤੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਹਰੇਕ ਡਰੱਗ ਕੰਟਰੋਲ ਅਫਸਰ ਨੂੰ ਹਰ ਮਹੀਨੇ 20-20 ਸਟੋਰਾਂ ਦੇ ਨਿਰੀਖਣ ਕਰਨ ਦਾ ਟੀਚਾ ਦਿੱਤਾ ਗਿਆ ਹੈ ਅਤੇ ਟੀਮ ਨਿਰੰਤਰ ਨਿਰੀਖਣ ਕਰ ਰਹੀ ਹੈ।

ਮੀਟਿੰਗ ਵਿੱਚ ਏ ਡੀ ਸੀ (ਜੀ) ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੁਹਾਲੀ ਚੰਦਰਜੋਤੀ ਸਿੰਘ, ਐਸ ਪੀ ਐਚ ਐਸ ਮਾਨ, ਸਿਵਲ ਸਰਜਨ ਮਹੇਸ਼ ਕੁਮਾਰ ਆਹੂਜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਪਰਵਿੰਦਰ ਪਾਲ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਕਮਲ ਕੰਬੋਜ, ਡਰੱਗ ਕੰਟਰੋਲ ਅਫ਼ਸਰ ਜੈ ਜੈ ਕਾਰ ਸਿੰਘ ਐਸ.ਏ.ਐਸ.ਨਗਰ -1, ਸੁਖਬੀਰ ਚੰਦ ਐਸ.ਏ.ਐਸ.ਨਗਰ-2, ਅਨੁਰਾਗ ਸਿੰਗਲਾ ਐਸ.ਏ.ਐਸ.ਨਗਰ-3, ਜਸਰਮਨ ਕੌਰ ਐਸ.ਏ.ਐਸ.-4 ਵੀ ਮੌਜੂਦ ਸਨ।

Exit mobile version