ਐੱਸ.ਏ.ਐੱਸ ਨਗਰ, 04 ਨਵੰਬਰ 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (DC Ashika Jain) ਨੇ ਅੱਜ ਬਨੂੰੜ ਨੇੜਲੇ ਪਿੰਡਾਂ ਦਾ ਦੌਰਾ ਕਰਦਿਆਂ ਪਰਾਲੀ ਪ੍ਰਬੰਧਨ ਮਸ਼ੀਨਰੀ ਰਾਹੀਂ ਪਰਾਲੀ ਸੰਭਾਲ ਰਹੇ ਕਿਸਾਨਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਨਵਤਾ ਹਿੱਤ ਵਿੱਚ ਪਰਾਲੀ ਨੂੰ ਅੱਗ ਨਾ ਲਾ ਕੇ ਮਕੈਨੀਕਲ ਢੰਗ ਨਾਲ ਇਸ ਨੂੰ ਸੰਭਾਲਣ।
ਪਿੰਡ ਬੁੱਢਨਪੁਰ, ਬਸਮਾ ਅਤੇ ਖਲਾਵਰ ਵਿਖੇ ਖੇਤਾਂ ਚ ਪਰਾਲੀ ਪ੍ਰਬੰਧਨ ਮਸ਼ੀਨਾਂ ਰਾਹੀਂ ਪਰਾਲੀ ਸੰਭਾਲ ਰਹੇ ਕਿਸਾਨਾਂ ਅਤੇ ਬੇਲਰ ਅਪਰੇਟਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਮਸ਼ੀਨਰੀ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਕੰਟਰੋਲ ਰੂਮ ਕਮ ਹੈਲਪ ਲਾਈਨ ਨੰਬਰ 0172-2219505 ਅਤੇ 2219506 ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਤੇ ਸੰਪਰਕ ਕਰਕੇ ਕਿਸਾਨ ਆਪਣੇ ਨੇੜੇ ਮੌਜੂਦ ਮਸ਼ੀਨਰੀ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ (DC Ashika Jain) ਕਿਹਾ ਕਿ ਜਿਹੜੇ ਕਿਸਾਨ ਪੰਜਾਬ ਸਰਕਾਰ ਦੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਚ ਪੂਰਣ ਸਹਿਯੋਗ ਕਰਕੇ ਵਾਤਾਵਰਣ ਦੀ ਸਾਂਭ ਸੰਭਾਲ ਚ ਵੀ ਮੱਦਦ ਕਰ ਰਹੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਪਿੰਡਾਂ ਚ ਚੌਗਿਰਦੇ ਦੇ ਮਿੱਤਰਾਂ ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੌਕੇ ਜ਼ਿਲ੍ਹੇ ਵਿੱਚ 1098 ਪਰਾਲੀ ਸੰਭਾਲ ਮਸ਼ੀਨਾਂ ਮੌਜੂਦ ਹਨ। ਇਸ ਵਾਰ ਜ਼ਿਲ੍ਹੇ ਦੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਵੀ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਮਸ਼ੀਨਰੀ ਲੈਣ ਲਈ ਪ੍ਰੇਰਿਆ ਗਿਆ ਹੈ ਤਾਂ ਜੋ ਪਿੰਡਾਂ ਚ ਸਾਂਝੀਆਂ ਸੰਸਥਾਵਾਂ ਕੋਲ ਉਪਲਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲੋਕ ਲਾਹਾ ਲੈ ਸਕਣ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਜਿਹੜੇ ਲੋਕ ਅੱਗ ਲਾ ਕੇ ਕੁਦਰਤ ਅਤੇ ਬਨਸਪਤੀ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਨੂੰ ਆਪਣੀ ਇਸ ਗੈਰ-ਮਾਨਵਤਾਵਾਦੀ ਪਹੁੰਚ ਦਾ ਇੱਕ ਦਿਨ ਪਛਤਾਵਾ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵੀ ਗੁਰਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਪਵਿੱਤਰ ਦਰਜਾ ਦੇ ਕੇ, ਕੁਦਰਤ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਅਤੇ ਸਾਨੂੰ ਗੁਰੂ ਸਾਹਿਬ ਦੇ ਫੁਰਮਾਨ ਦਾ ਸਨਮਾਨ ਕਰਕੇ ਪਰਾਲੀ ਨੂੰ ਅੱਗ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਅੱਜ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਫ਼ਸਰਾਂ ਨਾਲ ਮੀਟਿੰਗ ਕਰਕੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦਾ ਜਾਇਜ਼ਾ ਵੀ ਲਿਆ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਪਾਸੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਮੁਆਵਜ਼ਾ ਵਸੂਲਣ ਅਤੇ ਉਨ੍ਹਾਂ ਦੇ ਮਾਲ ਰਿਕਾਰਡ ਵਿੱਚ ਵੀ ਰੈੱਡ ਐਂਟਰੀ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ 24 ਮਾਮਲਿਆਂ ਵਿੱਚ ਖੇਤ ਮਾਲਕਾਂ ਨੂੰ 65 ਹਜ਼ਾਰ ਰੁਪਏ ਦਾ ਵਾਤਾਵਰਣ ਮੁਆਵਜ਼ਾ ਪਾਇਆ ਗਿਆ ਹੈ।
ਉਨ੍ਹਾਂ ਨੇ ਪਿੰਡਾਂ ਚ ਪਰਾਲੀ ਨਾ ਸਾੜਨ ਲਈ ਲਾਏ ਨੋਡਲ ਅਫ਼ਸਰਾਂ ਨੂੰ ਵੀ ਆਪਣੀ ਡਿਊਟੀ ਤਨਦੇਹੀ ਨਾਲ ਬਿਨਾਂ ਕਿਸੇ ਢਿੱਲ ਮੱਠ ਤੋਂ ਕਰਨ ਦੀ ਹਦਾਇਤ ਕਰਦਿਆਂ, ਅੱਜ ਦੇ ਦੌਰੇ ਦੌਰਾਨ ਡਿਊਟੀ ਚ ਅਣਗਹਿਲੀ ਕਰਦੇ ਪਾਏ ਗਏ ਦੋ ਨੋਡਲ ਅਫਸਰਾਂ ਖ਼ਿਲਾਫ਼ ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ ਨੂੰ ਨਿਯਮਾਂ ਅਨੁਸਾਰ ਬਣਦੀ ਕਰਵਾਈ ਅਮਲ ਚ ਲਿਆਉਣ ਲਈ ਕਿਹਾ।