Site icon TheUnmute.com

DC ਆਸ਼ਿਕਾ ਜੈਨ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ

DC Aashika Jain

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜੂਨ 2024: ਬਰਸਾਤਾਂ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹਾਂ ਤੋਂ ਬਚਾਅ ਸਬੰਧੀ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਤੇ ਅਜਿਹੇ ਸਾਰੇ ਕਾਰਜ ਵੇਲੇ ਸਿਰ ਨਿਬੇੜਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਕਾਰਜਾਂ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ (DC Aashika Jain) ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚੋਂ ਲੰਘਦੇ ਚੋਅ, ਨਾਲ਼ੇ ਤੇ ਡਰੇਨਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਸੜਕਾਂ ‘ਤੇ ਆਉਂਦੀਆਂ ਪੁਲੀਆਂ ਜਾਂ ਰੇਲਵੇ ਲਾਈਨਜ਼ ਦੇ ਥੱਲਿਓਂ ਪਾਣੀ ਲੰਘਣ ਲਈ ਬਣਾਏ ਲਾਂਘੇ ਹਰ ਹਾਲ ਸਾਫ਼ ਕੀਤੇ ਜਾਣ ਤੇ ਸੜਕਾਂ ਦੇ ਨਾਲ ਨਾਲ ਬਣੀਆਂ ਡਰੇਨਾਂ ਦੀ ਸਫਾਈ ਕਰ ਕੇ ਉਨ੍ਹਾਂ ਉਤੇ ਢੱਕਣ ਰੱਖੇ ਹੋਣੇ ਯਕੀਨੀ ਬਣਾਏ ਜਾਣ।

ਆਸ਼ਿਕਾ ਜੈਨ ਨੇ ਉਪ ਮੰਡਲ ਮੈਜਿਸਟਰੇਟਸ ਨੂੰ ਨਿਰਦੇਸ਼ ਦਿੱਤੇ ਕਿ ਬਹੁਮੰਜ਼ਿਲੀ ਰਿਹਾਇਸ਼ੀ ਸੁਸਾਇਟੀਆਂ ਦੀਆਂ ਵੈਲਫੇਅਰ ਐਸੋਸੀਏਸ਼ਨ ਜਾਂ ਸੁਸਾਇਟੀਆਂ ਸਬੰਧੀ ਹੋਰਨਾਂ ਧਿਰਾਂ ਨਾਲ ਰਾਬਤਾ ਕਰ ਕੇ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਪਾਣੀ ਬਹੁਮੰਜ਼ਿਲੀ ਰਿਹਾਇਸ਼ੀ ਸੁਸਾਇਟੀਆਂ ਦੀਆਂ ਬੇਸਮੈਂਟਾਂ ਵਿੱਚ ਦਾਖਲ ਨਾ ਹੋਵੇ ਜਾਂ ਪੰਪਾਂ ਦਾ ਪ੍ਰਬੰਧ ਕਰ ਕੇ ਰੱਖਿਆ ਜਾਵੇ ਤਾਂ ਜੋ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਣੀ ਦਾਖਲ ਹੋਣ ਦੀ ਸੂਰਤ ਵਿੱਚ ਉਸ ਨੂੰ ਬਾਹਰ ਕੱਢਿਆ ਜਾ ਸਕੇ।ਇਸ ਦੇ ਨਾਲ ਨਾਲ ਰੇਲਵੇ ਅੰਡਰ ਪਾਸਾਂ ਵਿੱਚੋਂ ਵੀ ਪਾਣੀ ਦੀ ਬੇਰੋਕ ਨਿਕਾਸੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਪੰਪ ਖਰੀਦ ਲਏ ਜਾਣ ਤਾਂ ਜੋ ਲੋੜ ਪੈਣ ਉਤੇ ਕੋਈ ਦਿੱਕਤ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਗਰ ਸਮੇਤ ਸਾਰੇ ਕੁਦਰਤੀ ਜਲ ਸਰੋਤ ਸਾਧਨਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ ਦੇ ਕਾਰਜ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਅਤੇ ਉਨ੍ਹਾਂ ਵਿੱਚੋਂ ਗਾਰ ਕੱਢਣ ਦਾ ਕੰਮ ਵੀ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।ਉਨ੍ਹਾਂ ਨੇ ਗਮਾਡਾ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਕੁਦਰਤੀ ਜਲ ਸਰੋਤ ਸਾਧਨਾਂ ਦੀ ਸਫਾਈ ਤੇ ਮਜ਼ਬੂਤੀ ਸਬੰਧੀ ਵੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਜ਼ਿਲ੍ਹੇ ਵਿਚਲੇ ਐਸ.ਟੀ.ਪੀਜ਼ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਂਦੇ ਹੋਏ ਇਨ੍ਹਾਂ ਸਬੰਧੀ ਦਰਪੇਸ਼ ਦਿੱਕਤਾਂ ਫੌਰੀ ਦੂਰ ਕਰਨ ਲਈ ਆਖਿਆ।

ਆਸ਼ਿਕਾ ਜੈਨ ਨੇ ਉਪ ਮੰਡਲ ਮੈਜਿਸਟਰੇਟਸ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਉਹ ਫੀਲਡ ਵਿੱਚ ਜਾ ਕੇ ਸਾਰੇ ਕਾਰਜਾਂ ਦੀ ਨਜ਼ਰਸਾਨੀ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਥਾਂ ਕੋਈ ਵੀ ਬੋਲਵੈੱਲ ਖੁੱਲ੍ਹਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀ.ਡਬਲਿਊ.ਡੀ. ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਬਰਮ ਮਜ਼ਬੂਤ ਕੀਤੇ ਜਾਣ ਤਾਂ ਜੋ ਪਾਣੀ ਆਉਣ ਦੀ ਸੂਰਤ ਵਿੱਚ ਸੜਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਸ਼ਤੀਆਂ, ਜੈਕਟਾਂ ਤੇ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਐਨ.ਡੀ.ਆਰ.ਐਫ. ਅਤੇ ਹੋਮਗਾਰਡਜ਼ ਨਾਲ ਵੀ ਰਾਬਤਾ ਰੱਖਣ ਲਈ ਵੀ ਕਿਹਾ।ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ਅਤੇ ਕੌਸ਼ੱਲਿਆ ਡੈਮ ਵਿੱਚੋਂ ਸੰਭਾਵੀ ਤੌਰ ਉਤੇ ਪਾਣੀ ਛੱਡੇ ਜਾਣ ਦੀ ਸਥਿਤੀ ਉਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ ਤਾਂ ਜੋ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਹੋਣ ਬਾਬਤ ਰਿਪੋਰਟ ਦਿੱਤੀ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ.ਤਿੜਕੇ, ਵਧੀਕ ਡਿਪਟੀ ਕਮਿਸ਼ਨਰ ਪੇਂਡੂ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ, ਵਧੀਕ ਡਿਪਟੀ ਕਸ਼ਿਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ.ਡੀ.ਐਮ. (ਮੋਹਾਲੀ) ਦੀਪਾਂਕਰ ਗਰਗ, ਐਸ.ਡੀ.ਐਮ. (ਡੇਰਾਬਸੀ) ਹਿਮਾਂਸ਼ੂ ਗੁਪਤਾ, ਐਸ.ਡੀ.ਐਮ. (ਖਰੜ) ਗੁਰਮੰਦਰ ਸਿੰਘ, ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Exit mobile version