Site icon TheUnmute.com

ਡੀ.ਸੀ. ਆਸ਼ਿਕਾ ਜੈਨ ਨੇ ਟ੍ਰੈਫਿਕ ਸਿਗਨਲ ਮੁਕਤ ਏਅਰਪੋਰਟ ਰੋਡ ਦੇ ਪ੍ਰਸਤਾਵ ‘ਤੇ ਤਕਨੀਕੀ ਰਿਪੋਰਟ ਮੰਗੀ

Noise Pollution

ਐੱਸ.ਏ.ਐੱਸ ਨਗਰ, 5 ਅਕਤੂਬਰ, 2023: ਮੋਹਾਲੀ ਨੂੰ ਨਿਵੇਸ਼ਕਾਂ ਅਤੇ ਮੌਜੂਦਾ ਉਦਯੋਗਾਂ ਲਈ ਵਧੇਰੇ ਟ੍ਰੈਫਿਕ ਅਨੁਕੂਲ ਬਣਾਉਣ ਲਈ ‘ਸਰਕਾਰ ਸਨਅਤਕਾਰ ਮਿਲਣੀ ” ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੋਹਾਲੀ ਦੇ ਉਦਯੋਗਪਤੀਆਂ ਪ੍ਰਤੀ ਪ੍ਰਗਟਾਈ ਵਚਨਬੱਧਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ, ਡੀ.ਸੀ ਆਸ਼ਿਕਾ ਜੈਨ (DC Aashika Jain) ਨੇ ਗਮਾਡਾ ਅਤੇ ਰਾਜ ਟਰੈਫਿਕ ਸਲਾਹਕਾਰ ਨਵਦੀਪ ਅਸੀਜਾ ਤੋਂ ‘ਟ੍ਰੈਫਿਕ ਸਿਗਨਲ ਫਰੀ ਏਅਰਪੋਰਟ ਰੋਡ’ ਦੇ ਪ੍ਰਸਤਾਵ ‘ਤੇ ਤਕਨੀਕੀ ਰਿਪੋਰਟ ਮੰਗੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਕੋਲ ਏਅਰਪੋਰਟ ਰੋਡ ਨੂੰ ਸਿਗਨਲ ਮੁਕਤ ਕਰਨ ਦੀ ਇਹ ਤਜ਼ਵੀਜ਼ ਚੀਮਾ ਬੁਆਇਲਰਜ਼ ਦੇ ਨੁਮਾਇੰਦੇ ਵੱਲੋਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਪੇਸ਼ ਕੀਤੀ ਗਈ ਸੀ। ਮੋਹਾਲੀ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਚੌਕਾਂ ਅਤੇ ਸਾਈਕਲ ਟਰੈਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਉਂਕਿ ਗਮਾਡਾ ਪਹਿਲਾਂ ਹੀ ਇਸ ‘ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਟ੍ਰੈਫਿਕ ਸਥਿਤੀ ਦੇ ਅਨੁਸਾਰ, ਪ੍ਰਸ਼ਾਸਨ ਅਤੇ ਗਮਾਡਾ ਏਅਰਪੋਰਟ ਰੋਡ ਨੂੰ ਭੀੜ-ਭੜੱਕੇ ਤੋਂ ਮੁਕਤ ਬਣਾਉਣ ਦੇ ਨਾਲ-ਨਾਲ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਸਮਰਪਿਤ ਟਰੈਕ ਬਣਾਉਣ ਲਈ ਯਤਨਸ਼ੀਲ ਹਨ।

ਉਨ੍ਹਾਂ (DC Aashika Jain) ਕਿਹਾ ਕਿ ਗਮਾਡਾ ਦੇ ਅਧਿਕਾਰੀਆਂ ਅਤੇ ਰਾਜ ਦੇ ਟਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਚੀਮਾ ਬੋਇਲਰਜ਼ ਦੇ ਨੁਮਾਇੰਦੇ ਵੱਲੋਂ ਏਅਰਪੋਰਟ ਰੋਡ ਨੂੰ ਸਿਗਨਲ ਮੁਕਤ ਬਣਾਉਣ ਦੇ ਵਿਚਾਰ ਦੀ ਵਿਵਹਾਰਕਤਾ ਦੀ ਜਾਂਚ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਅਰਪੋਰਟ ਰੋਡ ‘ਤੇ ਅੱਜ ਕੱਲ੍ਹ ਭਾਰੀ ਆਵਾਜਾਈ ਰਹਿੰਦੀ ਹੈ ਜਿਸ ਕਾਰਨ ਆਉਣ-ਜਾਣ ਦੇ ਨਿਰਵਿਘਨ ਵਹਾਅ ਵਿੱਚ ਵੀ ਰੁਕਾਵਟ ਪੈਂਦੀ ਹੈ।

ਪ੍ਰਸਤਾਵਿਤ ਗੋਲਚੱਕਰ ਸਾਈਟਾਂ ਜਿੱਥੇ ਗਮਾਡਾ ਕੰਮ ਕਰ ਰਿਹਾ ਹੈ, ਉਨ੍ਹਾਂ ਵਿੱਚ ਰਾਧਾ ਸੁਆਮੀ ਚੌਕ, ਕੁਆਰਕ ਸਿਟੀ ਚੌਕ, ਸੋਹਾਣਾ ਗੁਰਦੁਆਰਾ ਚੌਕ, ਸੈਕਟਰ 68-69, ਸੈਕਟਰ 67 ਆਈ ਆਈ ਐਸ ਈ ਆਰ ਆਦਿ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਹਾਲੀ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਲਈ ਸਭ ਤੋਂ ਵੱਧ ਪਸੰਦੀਦਾ ਜ਼ਿਲ੍ਹਾ ਹੋਣ ਕਰਕੇ ਅਸੀਂ ਨਵੇਂ ਨਿਵੇਸ਼ਕਾਂ ਅਤੇ ਮੌਜੂਦਾ ਉਦਯੋਗਾਂ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ ਹਾਂ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਸਬੰਧ ਵਿੱਚ ਦਿੱਤੇ ਜਾਣ ਵਾਲੇ ਵਡਮੁੱਲੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਵੇਗਾ।

Exit mobile version