Site icon TheUnmute.com

DAY-2 OF CASO: ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗ

Punjab Police

ਚੰਡੀਗੜ੍ਹ, 17 ਜੂਨ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ (Punjab Police) ਨੇ ਸੋਮਵਾਰ ਨੂੰ ਸਾਰੇ ਰੇਲਵੇ ਸਟੇਸ਼ਨਾਂ/ਬੱਸ ਅੱਡਿਆਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ (ਕਾਸੋ) ਅਭਿਆਨ ਚਲਾਇਆ। ਸੂਬੇ ਵਿੱਚ ਇਸ ਵਿਸ਼ੇਸ਼ ਤਲਾਸ਼ੀ ਅਭਿਆਨ ਦਾ ਅੱਜ ਦੂਜਾ ਦਿਨ ਸੀ।

ਇਹ ਅਭਿਆਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ, ਜਿਸ ਤਹਿਤ ਪੁਲਿਸ ਟੀਮਾਂ ਨੇ ਸੁੰਘਣ ਵਾਲੇ ਕੁੱਤਿਆਂ ਦੀ ਸਹਾਇਤਾ ਨਾਲ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਆਉਣ – ਜਾਣ ਵਾਲੇ ਲੋਕਾਂ ਦੀ ਜਾਮਾਂ-ਤਲਾਸ਼ੀ ਲਈ।

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਨਿੱਜੀ ਤੌਰ ’ਤੇ ਇਸ ਸੂਬਾ ਪੱਧਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਸਾਰੇ ਰੇਂਜ ਅਫਸਰਾਂ, ਸੀਪੀਜ਼/ਐਸਐਸਪੀਜ਼ ਨੂੰ ਨਿੱਜੀ ਤੌਰ ’ਤੇ ਉਕਤ ਆਪ੍ਰੇਸ਼ਨ ਦੀ ਨਜ਼ਰ-ਸਾਨੀ ਕਰਨ ਅਤੇ ਗਜ਼ਟਿਡ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਹਰੇਕ ਰੇਲਵੇ ਸਟੇਸ਼ਨ /ਬੱਸ ਅੱਡੇ ’ਤੇ ਘੱਟੋ-ਘੱਟ ਦੋ ਪੁਲਿਸ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਉਹ ਇਸ ਕਾਰਵਾਈ ਦੌਰਾਨ ਹਰ ਵਿਅਕਤੀ ਨਾਲ ਦੋਸਤਾਨਾ ਢੰਗ ਅਤੇ ਨਿਮਰਤਾ ਨਾਲ ਪੇਸ਼ ਆਉਣ।’’

ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ ਸੂਬੇ ਭਰ ਵਿੱਚ 2500 ਤੋਂ ਵੱਧ ਪੁਲਿਸ ਕਰਮੀਆਂ ਵਾਲੀਆਂ 350 ਤੋਂ ਵੱਧ ਪੁਲਿਸ ਟੀਮਾਂ (Punjab Police) ਤਾਇਨਾਤ ਕੀਤੀਆਂ ਗਈਆਂ ਸਨ ਤਾਂ ਜੋ ਲੋਕਾਂ ਦੀ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬੇ ਦੇ 106 ਰੇਲਵੇ ਸਟੇਸ਼ਨਾਂ ਅਤੇ 178 ਬੱਸ ਅੱਡਿਆਂ ’ਤੇ ਕੀਤੇ ਗਏ ਇਸ ਅਪਰੇਸ਼ਨ ਦੌਰਾਨ 2841 ਵਿਅਕਤੀਆਂ ਦੀ ਜਾਮਾਂ ਤਲਾਸ਼ੀ ਲਈ ਗਈ। ਜ਼ਿਕਰਯੋਗ ਹੈ ਕਿ ਪੁਲੀਸ ਟੀਮਾਂ ਨੇ ਅਪਰੇਸ਼ਨ ਦੌਰਾਨ ਰੇਲਵੇ ਸਟੇਸ਼ਨਾਂ ਦੀ ਪਾਰਕਿੰਗ ਵਿੱਚ ਖੜ੍ਹੇ ਦੋਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦੀ ਵੀ ਚੈਕਿੰਗ ਕੀਤੀ।

Exit mobile version