Site icon TheUnmute.com

Cyber Crime: ਜਲੰਧਰ ‘ਚ ਬਜ਼ੁਰਗ ਵਿਅਕਤੀ ਸਾਈਬਰ ਧੋਖਾਧੜੀ ਦਾ ਸ਼ਿਕਾਰ, ਖਾਤੇ ‘ਚੋਂ ਕਰੋੜਾਂ ਰੁਪਏ ਠੱਗੇ

Cyber fraud

ਚੰਡੀਗੜ੍ਹ, 24 ਸਤੰਬਰ 2024: ਜਲੰਧਰ ਤੋਂ ਇੱਕ ਬਜ਼ੁਰਗ ਵਿਅਕਤੀ ਨਾਲ ਸਾਈਬਰ ਧੋਖਾਧੜੀ (Cyber fraud) ਦਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਸਾਈਬਰ ਠੱਗਾਂ ਨੇ ਇੱਕ ਬਜ਼ੁਰਗ ਵਿਅਕਤੀ ਦੇ ਖਾਤੇ ਨਾਲ ਨੰਬਰ ਲਿੰਕ ਕਰਕੇ 1.37 ਕਰੋੜ ਰੁਪਏ ਚੋਰੀ ਕੱਢਵਾ ਲਏ। ਜਾਣਕਾਰੀ ਮੁਤਾਬਕ ਜਲੰਧਰ ‘ਚ ਇਕ 56 ਸਾਲਾ ਵਿਅਕਤੀ ਨਾਲ ਕਰੀਬ 1.37 ਕਰੋੜ ਰੁਪਏ ਦੀ ਠੱਗੀ ਮਾਰੀ ਹੈ |

ਜਾਣਕਾਰੀ ਮੁਤਾਬਕ ਪੀੜਤਾ ਦਾ ਖਾਤਾ ਗੁਜਰਾਲ ਨਗਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ‘ਚ ਸੀ। ਲੁਧਿਆਣਾ ਦੇ ਇੱਕ ਵਿਅਕਤੀ ਨੇ ਆਪਣਾ ਮੋਬਾਈਲ ਨੰਬਰ ਇੱਕ ਬਜ਼ੁਰਗ ਵਿਅਕਤੀ ਦੇ ਖਾਤੇ ਨਾਲ ਲਿੰਕ ਕਰਕੇ ਉਸ ਦੇ ਖਾਤੇ ‘ਚੋਂ 1.37 ਕਰੋੜ ਰੁਪਏ ਕਢਵਾ ਲਏ। ਪੀੜਤ ਸੁਦੇਸ਼ ਕੁਮਾਰ ਪੁੱਤਰ ਜਗਨਨਾਥ ਵਾਸੀ ਵਿਰਕ ਐਨਕਲੇਵ ਨੇੜੇ ਵਡਾਲਾ ਚੌਕ ਦੇ ਬਿਆਨਾਂ ’ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਗੁਰਸੇਵਕ ਸਿੰਘ ਪੁੱਤਰ ਅਮਰ ਜੀਤ ਸਿੰਘ ਵਾਸੀ ਗੋਬਿੰਦ ਨਗਰ ਲੁਧਿਆਣਾ ਖ਼ਿਲਾਫ਼ ਬੀਐਨਐਸ ਅਤੇ ਆਈਟੀ ਐਕਟ ਦੀ ਧਾਰਾ 318 (4) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਉਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਸਿਟੀ ਪੁਲਿਸ ਦੀ ਟੀਮ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੀੜਤ ਸੁਦੇਸ਼ ਕੁਮਾਰ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਸ਼ਹਿਰ ਦੇ ਗੁਜਰਾਲ ਨਗਰ ਸਥਿਤ ਐਕਸਿਸ ਬੈਂਕ ‘ਚ ਖਾਤਾ ਹੈ। 1 ਅਗਸਤ ਤੋਂ 5 ਅਗਸਤ ਦੇ ਵਿਚਕਾਰ ਉਸ ਦੇ ਨਿੱਜੀ ਖਾਤੇ ਤੋਂ ਲਗਭਗ 1.37 ਕਰੋੜ ਰੁਪਏ ਛੋਟੀਆਂ ਰਕਮਾਂ ‘ਚ ਕਢਵਾਏ ਗਏ। ਜਦੋਂ ਪੀੜਤ ਨੇ ਬੈਂਕ ਤੋਂ ਸਟੇਟਮੈਂਟ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਹੋਰ ਵਿਅਕਤੀ ਨੇ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਵਾ ਲਿਆ |

ਪੀੜਤ ਨੇ ਦੱਸਿਆ ਕਿ ਫੋਨ ਨੰਬਰ ਲਿੰਕ ਹੋਣ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਖਾਤੇ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ। ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਮੋਬਾਇਲ ਨੰਬਰ ‘ਤੇ ਮਿਲੇ ਓਟੀਪੀ ਨੂੰ ਹਾਸਲ ਕੀਤਾ ਅਤੇ ਸੁਦੇਸ਼ ਦੀ ਇੰਟਰਨੈੱਟ ਮੋਬਾਈਲ ਬੈਂਕਿੰਗ ਖੋਲ੍ਹੀ। ਮੁਲਜ਼ਮ ਨੇ ਕਰੀਬ 1 ਕਰੋੜ 37 ਲੱਖ 15 ਹਜ਼ਾਰ 310 ਰੁਪਏ ਵੱਖ-ਵੱਖ ਖਾਤਿਆਂ ‘ਚ ਕਈ ਵਾਰ ਟਰਾਂਸਫਰ ਕੀਤੇ।

ਮਾਮਲੇ (Cyber fraud) ਦੀ ਜਾਂਚ ਤੋਂ ਬਾਅਦ ਜਲੰਧਰ ਸੈਂਟਰਲ ਦੇ ਏਸੀਪੀ ਨਿਰਮਲ ਸਿੰਘ ਵੱਲੋਂ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲਿਸ ਨੇ ਹੁਣ ਇਸ ਮਾਮਲੇ ‘ਚ ਐਫਆਈਆਰ ਦਰਜ ਕਰ ਲਈ ਹੈ। ਏਸੀਪੀ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version