Site icon TheUnmute.com

128 ਸਾਲਾਂ ਬਾਅਦ ਕ੍ਰਿਕਟ ਦੀ ਓਲੰਪਿਕ ‘ਚ ਵਾਪਸੀ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਦਿੱਤੀ ਮਨਜ਼ੂਰੀ

Olympics

ਚੰਡੀਗੜ੍ਹ, 13 ਅਕਤੂਬਰ 2023: ਕ੍ਰਿਕਟ ਨੂੰ 128 ਸਾਲਾਂ ਬਾਅਦ ਓਲੰਪਿਕ ‘ਚ ਸ਼ਾਮਲ ਕਰਨ ਦੀ ਮਨਜ਼ੂਰੀ ਮਿਲੀ ਹੈ। 2028 ਲਾਸ ਏਂਜਲਸ ਓਲੰਪਿਕ (Olympics) ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾਵੇਗਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਕਾਰਜਕਾਰਨੀ ਨੇ ਕ੍ਰਿਕਟ ਨੂੰ ਲਾਸ ਏਂਜਲਸ ਓਲੰਪਿਕ ਵਿੱਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਮੁੰਬਈ ‘ਚ ਕਾਰਜਕਾਰੀ ਬੋਰਡ ਦੀ ਬੈਠਕ ਦੇ ਦੂਜੇ ਦਿਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਕ੍ਰਿਕਟ ਪਹਿਲਾਂ 1900 ਪੈਰਿਸ ਓਲੰਪਿਕ ਵਿੱਚ ਖੇਡਿਆ ਗਿਆ ਸੀ। ਮਤਲਬ ਇਹ 128 ਸਾਲ ਬਾਅਦ ਓਲੰਪਿਕ ‘ਚ ਵਾਪਸੀ ਕਰੇਗਾ।

ਆਈਓਸੀ ਦੇ ਪ੍ਰਧਾਨ ਥਾਮਸ ਬਾਖ਼ ਨੇ ਕਿਹਾ ਕਿ ਕਾਰਜਕਾਰੀ ਬੋਰਡ ਦੇ ਅਧਿਕਾਰੀਆਂ ਨੇ ਬੇਸਬਾਲ/ਸਾਫਟਬਾਲ, ਫਲੈਗ ਫੁੱਟਬਾਲ, ਸਕੁਐਸ਼ ਅਤੇ ਲੈਕਰੋਸ ਦੇ ਨਾਲ-ਨਾਲ ਕ੍ਰਿਕਟ ਨੂੰ ਓਲੰਪਿਕ ਵਿੱਚ ਪੰਜ ਨਵੀਆਂ ਖੇਡਾਂ ਵਿੱਚੋਂ ਇੱਕ ਵਜੋਂ ਸ਼ਾਮਲ ਕਰਨ ਲਈ ਲਾਸ ਏਂਜਲਸ ਦੇ ਪ੍ਰਬੰਧਕਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ, ਸਾਰੀਆਂ ਨਵੀਆਂ ਖੇਡਾਂ ਨੂੰ 2028 ਖੇਡਾਂ ਵਿੱਚ ਸਥਾਨ ਦੀ ਗਾਰੰਟੀ ਦੇਣ ਤੋਂ ਪਹਿਲਾਂ ਸੋਮਵਾਰ ਨੂੰ ਆਈਓਸੀ ਮੈਂਬਰਸ਼ਿਪ ਦੁਆਰਾ ਇੱਕ ਵੋਟ ਜਿੱਤਣ ਦੀ ਜ਼ਰੂਰਤ ਹੋਏਗੀ।

ਆਈਓਸੀ ਦੇ ਪ੍ਰਧਾਨ ਥਾਮਸ ਨੇ ਕਿਹਾ ਕਿ ਅਸੀਂ ਅਜੇ ਵੀ 2028 ਓਲੰਪਿਕ (Olympics) ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ਵਿੱਚ ਹਾਂ। ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਅਸੀਂ ICC ਨਾਲ ਕੰਮ ਕਰਾਂਗੇ। ਅਸੀਂ ਕਿਸੇ ਵੀ ਦੇਸ਼ ਦੇ ਵਿਅਕਤੀਗਤ ਕ੍ਰਿਕਟ ਅਧਿਕਾਰੀਆਂ ਨਾਲ ਕੰਮ ਨਹੀਂ ਕਰਾਂਗੇ। ਆਈ.ਸੀ.ਸੀ. ਦੇ ਸਹਿਯੋਗ ਨਾਲ ਅਸੀਂ ਦੇਖਾਂਗੇ ਕਿ ਕਿਵੇਂ ਕ੍ਰਿਕਟ ਨੂੰ ਹੋਰ ਪ੍ਰਸਿੱਧ ਬਣਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ IOC ਨੂੰ ਲਾਸ ਏਂਜਲਸ 2028 ਦੇ ਖੇਡ ਪ੍ਰੋਗਰਾਮ ਨੂੰ ਲੈ ਕੇ ਤਿੰਨ ਫੈਸਲੇ ਲੈਣੇ ਸਨ। ਸਭ ਤੋਂ ਪਹਿਲਾਂ, ਇਹ ਲਾਸ ਏਂਜਲਸ ਦੀ ਪ੍ਰਬੰਧਕੀ ਕਮੇਟੀ ਸੀ ਜਿਸ ਨੇ ਪੰਜ ਨਵੀਆਂ ਖੇਡਾਂ ਨੂੰ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪੰਜ ਖੇਡਾਂ ਕ੍ਰਿਕਟ, ਬੇਸਬਾਲ, ਸਾਫਟਬਾਲ, ਫਲੈਗ ਫੁੱਟਬਾਲ ਅਤੇ ਸਕੁਐਸ਼ ਹਨ।

ਕ੍ਰਿਕੇਟ ਪਹਿਲਾਂ 1900 ਪੈਰਿਸ ਓਲੰਪਿਕ ਵਿੱਚ ਖੇਡਿਆ ਗਿਆ ਸੀ, ਜਿੱਥੇ ਇੰਗਲੈਂਡ ਅਤੇ ਫਰਾਂਸ ਗੋਲਡ ਮੈਡਲ ਲਈ ਆਹਮੋ-ਸਾਹਮਣੇ ਹੋਏ ਸਨ। ਹਾਲਾਂਕਿ ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕਰਨ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਅਤੇ ਹੁਣ ਇਸ ‘ਚ ਸਫਲਤਾ ਮਿਲੀ ਹੈ। ਦਰਅਸਲ, ਕ੍ਰਿਕਟ ਦੀ ਲੋਕਪ੍ਰਿਅਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਆਈਓਸੀ ਭਾਰਤੀ ਉਪ ਮਹਾਂਦੀਪ ਦੇ ਬਾਜ਼ਾਰ ਵਿੱਚ ਪੂੰਜੀ ਲਗਾਉਣ ਦੀ ਕੋਸ਼ਿਸ਼ ਕਰੇਗੀ। ਇਸ ਦੇ ਲਈ ਓਲੰਪਿਕ ‘ਚ ਪੁਰਸ਼ ਅਤੇ ਮਹਿਲਾ ਟੀ-20 ਕ੍ਰਿਕਟ ਨੂੰ ਸ਼ਾਮਲ ਕੀਤਾ ਜਾਵੇਗਾ।

Exit mobile version