ਚੰਡੀਗੜ੍ਹ, 30 ਦਸੰਬਰ 2022: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ (Rishabh Pant) ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਰੁੜਕੀ ਵਿੱਚ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ‘ਚ ਪੰਤ ਦੇ ਸਿਰ ਅਤੇ ਲੱਤ ‘ਤੇ ਸੱਟ ਲੱਗੀ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਪੂਰੀ ਤਰ੍ਹਾਂ ਸੜ ਗਈ। ਇਸ ਦੌਰਾਨ ਕਾਰ ਦਾ ਸ਼ੀਸ਼ਾ ਤੋੜ ਕੇ ਪੰਤ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਪੰਤ ਦਿੱਲੀ ਤੋਂ ਉਤਰਾਖੰਡ ਸਥਿਤ ਆਪਣੇ ਘਰ ਪਰਤ ਰਹੇ ਸਨ। ਰੁੜਕੀ ਦੇ ਨਾਰਸਨ ਬਾਰਡਰ ‘ਤੇ ਹਮਾਦਪੁਰ ਝਾਲ ਨੇੜੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਪੰਤ (Rishabh Pant) ਦੇ ਸਿਰ ਅਤੇ ਲੱਤ ‘ਤੇ ਸੱਟ ਲੱਗੀ ਹੈ। ਉਸ ਦੀ ਪਿੱਠ ‘ਤੇ ਵੀ ਕਾਫੀ ਸੱਟ ਲੱਗੀ ਹੈ। ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੰਤ ਦੀ ਕਾਰ ਬਹੁਤ ਤੇਜ਼ ਰਫਤਾਰ ‘ਤੇ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਰੇਲਿੰਗ ਤੋੜ ਕੇ ਦੂਜੇ ਪਾਸੇ ਪਹੁੰਚ ਗਈ, ਜਿਸ ਤੋਂ ਬਾਅਦ ਇਸ ‘ਚ ਅੱਗ ਲੱਗ ਗਈ। ਘਟਨਾ ਸਵੇਰੇ ਸਾਢੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਸੂਚਨਾ ‘ਤੇ ਗੰਭੀਰ ਰੂਪ ‘ਚ ਜ਼ਖਮੀ ਹੋਏ ਰਿਸ਼ਭ ਪੰਤ ਨੂੰ ਦਿੱਲੀ ਰੋਡ ‘ਤੇ ਸਥਿਤ ਸਕਸ਼ਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸ਼ੁਰੂਆਤ ‘ਚ ਪੰਤ ਦੀ ਹਾਲਤ ਨਾਜ਼ੁਕ ਸੀ ਪਰ ਹੌਲੀ-ਹੌਲੀ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੁੰਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ। ਉਹ ਇੱਥੇ ਪਲਾਸਟਿਕ ਸਰਜਰੀ ਵੀ ਕਰਵਾਉਣਗੇ। ਸਕਸ਼ਮ ਹਸਪਤਾਲ ਦੇ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਲੱਤ ਟੁੱਟ ਗਈ ਹੈ ਅਤੇ ਮੱਥੇ ‘ਤੇ ਵੀ ਸੱਟ ਲੱਗੀ ਹੈ। ਮੱਥੇ ‘ਤੇ ਕੁਝ ਟਾਂਕੇ ਲਗਾਏ ਗਏ ਹਨ।