July 2, 2024 10:34 pm
Rakesh

ਕਿਸਾਨ ਅੰਦੋਲਨ ਦੀ ਜਿੱਤ ਦਾ ਸਿਹਰਾ ਔਰਤਾਂ ਅਤੇ ਨੌਜਵਾਨਾਂ ਨੂੰ ਜਾਂਦਾ ਹੈ : ਰਾਕੇਸ਼ ਟਿਕੈਤ

ਚੰਡੀਗੜ੍ਹ 13 ਦਸੰਬਰ 2021 : ਕੇਂਦਰ ਸਰਕਾਰ (Union Government) ਵੱਲੋਂ ਕਿਸਾਨਾਂ ਦੀਆਂ ਮੰਗਾਂ ‘ਤੇ ਸਹਿਮਤੀ ਬਣਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ (anyukta Kisan Morcha) ਵੱਲੋਂ ਅੰਦੋਲਨ ਵੀ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨ ਹੁਣ ਖੁਸ਼ੀ-ਖੁਸ਼ੀ ਜਸ਼ਨ ਮਨਾਉਂਦੇ ਹੋਏ ਆਪਣੇ ਘਰਾਂ ਨੂੰ ਪਰਤ ਰਹੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਪਹੁੰਚੇ, ਜਿੱਥੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ।

 

ਮਟਕਾ ਚੌਂਕ ਪਹੁੰਚਣ ‘ਤੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਟਿਕੈਤ ਨੂੰ ਲੋਈ ‘ਤੇ ਸਿਰੋਪਾਓ ਭੇਂਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਟਿਕੈਤ ਨੇ ਕਿਸਾਨ ਅੰਦੋਲਨ ਦੀ ਸਫ਼ਲਤਾ ਦਾ ਸਿਹਰਾ ਔਰਤਾਂ ਅਤੇ ਨੌਜਵਾਨਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਤਾਂ ਸਿਰਫ਼ ਸਟੇਜ ਹੀ ਸੰਭਾਲਦੀ ਸੀ ਜਦਕਿ ਉਥੋਂ ਸਮੇਂ-ਸਮੇਂ ਸਿਰ ਜਾਰੀ ਹੋਣ ਵਾਲੇ ਪ੍ਰੋਗਰਾਮਾਂ ਸਮੇਤ ਹਰੇਕ ਸੰਦੇਸ਼ ਨੂੰ ਸੋਸ਼ਲ ਮੀਡੀਆ ਰਾਹੀਂ ਅੱਗੇ ਤੋਂ ਅੱਗੇ ਫੈਲਾਉਣ ਵਿੱਚ ਨੌਜਵਾਨਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਅੰਦੋਲਨ ਦਾ ਸਿਹਰਾ ਔਰਤਾਂ ਨੂੰ ਦਿੰਦਿਆਂ ਕਿਹਾ ਕਿ ਕਿਸਾਨੀ ਮੋਰਚੇ ਵਿੱਚ ਡਟੀਆਂ ਔਰਤਾਂ ਨੇ ਇੱਕ ਪਾਸੇ ਜਿੱਥੇ ਪੂਰੇ ਜੋਸ਼ ਤੇ ਜਨੂੰਨ ਨਾਲ ਪਹਿਰਾ ਦਿੱਤਾ ਉਥੇ ਹੀ ਉਨ੍ਹਾਂ ਨੇ ਲੰਗਰ ਤਿਆਰ ਕਰਨ ਵਿੱਚ ਵੀ ਕਦੇ ਕੋਈ ਢਿੱਲ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਭਵਿੱਖੀ ਸੰਘਰਸ਼ਾਂ ਦਾ ਮੁੱਢ ਬੰਨ੍ਹਿਆ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਮੁੱਦੇ ‘ਤੇ ਸਰਕਾਰਾਂ ਖ਼ਿਲਾਫ਼ ਜੇਕਰ ਕੋਈ ਅੰਦੋਲਨ ਕੀਤਾ ਜਾਵੇਗਾ ਤਾਂ ਉਹ ਇਸੇ ਤਰ੍ਹਾਂ ਚਲਾਇਆ ਜਾਵੇਗਾ ।