ਚੰਡੀਗੜ੍ਹ 02 ਦਸੰਬਰ 2022: ਦੇਸ਼ ‘ਚ ਅੱਜ ਕੋਰੋਨਾ (Corona) ਮਹਾਂਮਾਰੀ ਨੂੰ ਲੈ ਕੇ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਪ੍ਰੈਲ 2020 ਤੋਂ ਬਾਅਦ ਅੱਜ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ 6 ਅਪ੍ਰੈਲ 2020 ਨੂੰ ਕੋਰੋਨਾ ਦੇ 489 ਮਾਮਲੇ ਸਾਹਮਣੇ ਆਏ ਸਨ। ਦੂਜੇ ਪਾਸੇ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ (2 ਦਸੰਬਰ) ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਸਿਰਫ 275 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਇਕ ਮਰੀਜ਼ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 4,672 ਹੋ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 5,30,624 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ (Corona) ਮਰੀਜ਼ਾਂ ਦੀ ਰਿਕਵਰੀ ਦਰ ਵਧ ਕੇ 98.80 ਫੀਸਦੀ ਹੋ ਗਈ ਹੈ। ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੇ ਸਰਗਰਮ ਕੋਵਿਡ -19 (Covid-19) ਕੇਸਾਂ ਦੇ ਭਾਰ ਵਿੱਚ 24 ਘੰਟਿਆਂ ਦੇ ਅਰਸੇ ਵਿੱਚ 95 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,37,617 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਟੀਕਿਆਂ ਦੀਆਂ 219.93 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।