July 7, 2024 6:28 am
Navjot Sidhu

ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ‘ਚ ਵਿਸ਼ੇਸ਼ ਖਾਣਾ ਦੇਣ ਦੀ ਦਿੱਤੀ ਇਜਾਜ਼ਤ

ਚੰਡੀਗੜ੍ਹ 24 ਮਈ 2022: ਨਵਜੋਤ ਸਿੱਧੂ (Navjot Sidhu) ਦਾ ਡਾਈਟ ਪਲਾਨ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਨਵਜੋਤ ਸਿੱਧੂ ਨੂੰ ਸਪੈਸ਼ਲ ਡਾਈਟ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਰੋਡ ਰੇਜ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੇਲ੍ਹ ਵਿਚ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ। ਇਸ ਦੌਰਾਨ ਪਤਾ ਲੱਗਾ ਕਿ ਉਸ ਨੂੰ ਫੈਟੀ ਲਿਵਰ ਦੀ ਸ਼ਿਕਾਇਤ ਸੀ। ਡਾਕਟਰਾਂ ਨੇ ਉਸ ਨੂੰ ਘੱਟ ਫੈਟ ਅਤੇ ਫਾਈਬਰ ਵਾਲਾ ਭੋਜਨ ਖਾਣ ਦੀ ਸਲਾਹ ਦਿੱਤੀ ਹੈ।

ਇਸ ਦੌਰਾਨ ਡਾਕਟਰਾਂ ਨੇ ਨਵਜੋਤ ਸਿੱਧੂ (Navjot Sidhu) ਨੂੰ ਵਜ਼ਨ ਘਟਾਉਣ ਦੀ ਸਲਾਹ ਦਿੱਤੀ ਹੈ। ਸਿੱਧੂ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੂੰ ਜੇਲ੍ਹ ਵਿੱਚ ਸਪੈਸ਼ਲ ਖਾਣੇ ਲਈ ਪਟੀਸ਼ਨ ਪਾਈ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹਸਪਤਾਲ ਲਿਜਾ ਕੇ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਸਨ। ਜਾਂਚ ਕਰਨ ‘ਤੇ ਲਿਵਰ ਇਨਫੈਕਸ਼ਨ ਅਤੇ ਫੈਟੀ ਲਿਵਰ ਪਾਇਆ ਗਿਆ। ਹੁਣ ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ, ਜੋ ਉਨ੍ਹਾਂ ਦਾ ਡਾਈਟ ਪਲਾਨ ਤਿਆਰ ਕਰੇਗਾ।

ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਣਕ ਤੋਂ ਐਲਰਜੀ ਹੈ। ਉਧਰ, ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ ਕਿ ਕਣਕ ਤੋਂ ਐਲਰਜੀ ਹੋਣ ਦਾ ਕੋਈ ਕਾਰਨ ਨਹੀਂ ਹੈ। ਹਾਲਾਂਕਿ ਜੇਕਰ ਵਜ਼ਨ ਘਟਾਉਣ ਲਈ ਕਣਕ ਦੀ ਘੱਟ ਵਰਤੋਂ ਕੀਤੀ ਜਾਵੇ ਤਾਂ ਠੀਕ ਰਹੇਗਾ। ਦੂਜੇ ਪਾਸੇ ਰਾਜਿੰਦਰ ਹਸਪਤਾਲ ਦੇ ਡਾਇਟੀਸ਼ੀਅਨ ਦਾ ਕਹਿਣਾ ਹੈ ਕਿ ਬੋਰਡ ਨੇ ਸਿੱਧੂ ਲਈ ਸੂਪ, ਖੀਰਾ, ਚੁਕੰਦਰ, ਜੂਸ ਅਤੇ ਹਾਈ ਫਾਈਬਰ ਵਾਲੇ ਭੋਜਨ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਨੂੰ ਕਣਕ ਦੇ ਬਦਲ ਵਜੋਂ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਗਈ ਹੈ।