Site icon TheUnmute.com

ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਗਿਣਤੀ ਟੀਮਾਂ ਸਵੇਰੇ 5 ਵਜੇ ਅੰਤਿਮ ਰੈਂਡਮਜੇਸ਼ਨ ਲਈ ਰਿਪੋਰਟ ਕਰਨਗੀਆਂ: DC ਆਸ਼ਿਕਾ ਜੈਨ

Paddy

ਐਸ.ਏ.ਐਸ.ਨਗਰ, 3 ਜੂਨ, 2024: ਜ਼ਿਲ੍ਹਾ ਚੋਣ ਅਫ਼ਸਰ ਐਸ.ਏ.ਐਸ.ਨਗਰ ਆਸ਼ਿਕਾ ਜੈਨ (DC Aashika Jain) ਨੇ ਇੱਥੇ ਅੱਜ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੀ ਗਿਣਤੀ ਦੀ ਅੰਤਿਮ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਭਲਕੇ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਗਿਣਤੀ ਦੀਆਂ ਤਿਆਰੀਆਂ ਲਈ ਤਾਇਨਾਤ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਾਊਂਟਿੰਗ ਟੀਮਾਂ, ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ, ਉਮੀਦਵਾਰਾਂ/ਕਾਊਂਟਿੰਗ ਏਜੰਟਾਂ, ਕਾਊਂਟਿੰਗ ਆਬਜ਼ਰਵਰ ਲਈ ਕਮਰਾ, ਮੀਡੀਆ ਸੈਂਟਰ, ਪਬਲਿਕ ਲਈ ਬੈਠਣ ਦੇ ਯੋਗ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਦੇ 278 ਪੋਲਿੰਗ ਬੂਥਾਂ ਅਤੇ ਐਸ.ਏ.ਐਸ.ਨਗਰ ਦੇ 251 ਪੋਲਿੰਗ ਬੂਥਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਹੋਵੇਗੀ।

ਹਰੇਕ ਹਲਕੇ ਲਈ ਕੁੱਲ 14 ਕਾਊਂਟਿੰਗ ਟੇਬਲ ਬਣਾਏ ਗਏ ਹਨ, ਜਿੱਥੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਦਿਖਾਉਣ ਲਈ 14 ਈ.ਵੀ.ਐਮ. ਮਸ਼ੀਨਾਂ ਇੱਕ ਵਾਰ ਚ ਲਿਆਂਦੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਕੋਲ 5 ਰਾਖਵੀਆਂ ਟੀਮਾਂ ਸਮੇਤ ਹਰੇਕ ਕਾਊਂਟਿੰਗ ਹਾਲ ਦੇ 14 ਗਿਣਤੀ ਟੇਬਲਜ਼ ਦੇ ਮੁਕਾਬਲੇ ਕੁੱਲ 19 ਕਾਊਂਟਿੰਗ ਟੀਮਾਂ ਹਨ। ਟੀਮਾਂ ਨੂੰ ਸਵੇਰੇ 5:00 ਵਜੇ ਆਪਣੇ ਏ.ਆਰ.ਓਜ਼ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਵੇਰੇ 6:00 ਵਜੇ ਤੱਕ ਕਾਉਂਟਿੰਗ ਟੇਬਲਾਂ ਦੀ ਅਲਾਟਮੈਂਟ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਅਤੇ ਕੁਸ਼ਲਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਦੇ ਪ੍ਰਤੀਨਿਧੀ ਵਜੋਂ ਕਾਉਂਟਿੰਗ ਸੁਪਰਵਾਈਜ਼ਰ ਮੁਹੰਮਦ ਆਵੇਸ਼ ਦੁਆਰਾ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਉਹ ਗਿਣਤੀ ਦੇ ਹਰੇਕ ਗੇੜ ਤੋਂ ਬਾਅਦ ਕਿਸੇ ਵੀ ਦੋ ਈ ਵੀ ਐਮ ਦੇ ਨਤੀਜੇ ਦੀ ਰੈਂਡਮਲੀ ਮੁੜ ਜਾਂਚ ਕਰਨਗੇ। ਇਸ ਤੋਂ ਇਲਾਵਾ ਪੰਜ ਵੀਵੀਪੀਏਟੀ ਦੀਆਂ ਵੋਟਿੰਗ ਸਲਿੱਪਾਂ ਦੀ ਗਿਣਤੀ ਦਾ ਮਿਲਾਣ ਜੋ ਅੰਤ ਵਿੱਚ ਡਰਾਅ ਦੁਆਰਾ ਚੁਣੀਆਂ ਜਾਣਗੀਆਂ, ਉਸ ਨਾਲ ਸਬੰਧਤ ਈਵੀਐਮ ਦੇ ਨਤੀਜੇ ਨਾਲ ਵੀ ਕੀਤਾ ਜਾਵੇਗਾ।

ਉਨ੍ਹਾਂ (DC Aashika Jain) ਦੱਸਿਆ ਕਿ ਏ.ਆਰ.ਓਜ਼ ਦੀਪੰਕਰ ਗਰਗ ਅਤੇ ਗੁਰਮੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਏ.ਡੀ.ਸੀਜ਼ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਨੂੰ ਜ਼ਿਲ੍ਹੇ ਭਰ ਵਿੱਚ ਡਰਾਈ ਡੇਅ ਰਹੇਗਾ। ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਗਿਣਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਸੁਰੱਖਿਆ ਪ੍ਰੋਟੋਕੋਲ ਤਹਿਤ ਕੀਤੀ ਜਾਵੇਗੀ।

ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜਾਰੀ ਅਥਾਰਟੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕਾਊਂਟਿੰਗ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਊਂਟਿੰਗ ਹਾਲ ਵਿੱਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਜਾਣ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋਣ ਲਈ ਅਥਾਰਟੀ ਪੱਤਰ ਜਾਰੀ ਕੀਤੇ ਗਏ ਹਨ।

ਐਸ ਐਸ ਪੀ ਡਾ. ਗਰਗ ਨੇ ਸਪੱਸ਼ਟ ਕੀਤਾ ਕਿ ਕਾਊਂਟਿੰਗ ਹਾਲ ਵਿੱਚ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਮੀਡੀਆ ਕਰਮੀ ਵੀ ਆਪਣੇ ਮੋਬਾਈਲ ਮੀਡੀਆ ਸੈਂਟਰ ਵਿੱਚ ਜਮ੍ਹਾ ਕਰਵਾ ਸਕਦੇ ਹਨ ਤਾਂ ਜੋ ਹੈਂਡ ਹੈਲਡ ਕੈਮਰਿਆਂ ਨਾਲ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋ ਸਕਣ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਸਟਿਲ ਕੈਮਰੇ ਜਾਂ ਕਿਸੇ ਵੀ ਰਿਕਾਰਡਿੰਗ ਯੰਤਰ ਰਾਹੀਂ ਈ.ਵੀ.ਐਮ ‘ਤੇ ਨਤੀਜਿਆਂ ਦੀ ਡਿਸਪਲੇ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Exit mobile version