Asif Afridi

ਪਾਕਿਸਤਾਨੀ ਕ੍ਰਿਕਟਰ ਆਸਿਫ ਅਫਰੀਦੀ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, PCB ਨੇ ਕੀਤਾ ਮੁਅੱਤਲ

ਚੰਡੀਗੜ੍ਹ 13 ਸਤੰਬਰ 2022: ਟੀ-20 ਵਿਸ਼ਵ ਕੱਪ ਲਈ ਟੀਮ ਚੋਣ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ‘ਚ ਹੜਕੰਪ ਮਚ ਗਿਆ ਹੈ । ਪਾਕਿਸਤਾਨ ਦੇ ਕ੍ਰਿਕਟਰ ਆਸਿਫ ਅਫਰੀਦੀ (Asif Afridi) ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਜਿਸ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਅੰਤਰਰਾਸ਼ਟਰੀ ਕ੍ਰਿਕਟਰ ਨਾਲ ਨਹੀਂ ਸਗੋਂ ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਨਾਲ ਜੁੜਿਆ ਹੋਇਆ ਹੈ।

ਆਸਿਫ ਅਫਰੀਦੀ (Asif Afridi) ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ 12 ਸਤੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੀਸੀਬੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਧਾਰਾ 4.7.1 ਤਹਿਤ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਜਾਰੀ ਆਪਣੇ ਬਿਆਨ ‘ਚ ਇਹ ਜਾਣਕਾਰੀ ਦਿੱਤੀ।

ਇਸਦੇ ਨਾਲ ਹੀ ਆਸਿਫ ਅਫਰੀਦੀ ਕ੍ਰਿਕਟ ਨਾਲ ਜੁੜੀਆਂ ਗਤੀਵਿਧੀਆਂ ‘ਚ ਹਿੱਸਾ ਨਹੀਂ ਲੈ ਸਕੇਗਾ, ਜਦੋਂ ਤੱਕ ਪੀਸੀਬੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਤਹਿ ਤੱਕ ਨਹੀਂ ਪਹੁੰਚ ਜਾਂਦੀ ਜਾਂ ਉਸ ਨੂੰ ਕਲੀਨ ਚਿੱਟ ਨਹੀਂ ਦਿੰਦੀ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਅਫਰੀਦੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਇਹ ਨੋਟਿਸ ਕ੍ਰਿਕਟ ਨਾਲ ਸਬੰਧਤ 2 ਕਾਨੂੰਨਾਂ ਨੂੰ ਤੋੜਨ ਲਈ ਧਾਰਾ 2.4 ਦੇ ਤਹਿਤ ਭੇਜਿਆ ਗਿਆ ਹੈ, ਜਿਸ ਦਾ ਉਸ ਨੂੰ 14 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ।

Scroll to Top