Site icon TheUnmute.com

ਕੋਰੋਨਾ ਕਹਿਰ : 9 ਜ਼ਿਲ੍ਹਿਆਂ ‘ਚ ਕੋਰੋਨਾ ਕਾਰਨ 31 ਲੋਕਾਂ ਦੀ ਮੌਤ

ਕੋਰੋਨਾ

ਚੰਡੀਗੜ੍ਹ, 21 ਜਨਵਰੀ 2022 : ਪੰਜਾਬ ‘ਚ ਵੀਰਵਾਰ ਨੂੰ 9 ਜ਼ਿਲਿਆਂ ‘ਚ ਕੋਰੋਨਾ ਨਾਲ 31 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, 7986 ਨਵੇਂ ਸੰਕਰਮਿਤ ਪਾਏ ਗਏ ਹਨ। ਸੂਬੇ ‘ਚ ਸੰਕਰਮਣ ਦਰ 18.75 ਫੀਸਦੀ ਦਰਜ ਕੀਤੀ ਗਈ ਹੈ। ਮੋਹਾਲੀ ਵਿੱਚ 1360  ਕੇਸ ਪਾਏ ਗਏ ਹਨ, ਰਾਜ ਵਿੱਚ ਹੁਣ ਤੱਕ 16882 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚਿੰਤਾ ਵਾਲੀ ਗੱਲ ਇਹ ਹੈ ਕਿ ਐਕਟਿਵ ਕੇਸਾਂ ਦੀ ਗਿਣਤੀ 47400 ਤੱਕ ਪੁੱਜ ਚੁੱਕੀ ਹੈ। 842 ਸੰਕਰਮਿਤਾਂ ਨੂੰ ਸਾਹ ਲੈਣ ਵਿੱਚ ਦਿੱਕਤ ਕਾਰਨ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ, 95 ਦੀ ਹਾਲਤ ਨਾਜ਼ੁਕ ਹੈ | 24 ਘੰਟਿਆਂ ਦੌਰਾਨ ਹੋਈਆਂ ਕੁੱਲ 31 ਮੌਤਾਂ ਵਿੱਚੋਂ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 7-7 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 5, ਮੋਹਾਲੀ ਵਿੱਚ 4, ਜਲੰਧਰ ਵਿੱਚ 3, ਫਾਜ਼ਿਲਕਾ ਵਿੱਚ 2, ਬਠਿੰਡਾ, ਗੁਰਦਾਸਪੁਰ ਅਤੇ ਸੰਗਰੂਰ ਵਿੱਚ 1-1 ਕੇਸ ਸ਼ਾਮਲ ਹਨ।

ਪਟਿਆਲਾ ‘ਚ ਵੀਰਵਾਰ ਨੂੰ ਇਕ ਦਿਨ ‘ਚ 7 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 473 ਪਾਜ਼ੀਟਿਵ ਪਾਏ ਗਏ। ਅੰਕੜਿਆਂ ਅਨੁਸਾਰ 1 ਜਨਵਰੀ ਤੋਂ ਹੁਣ ਤੱਕ ਜ਼ਿਲ੍ਹੇ ਵਿੱਚ 43 ਕੋਵਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਸਿਵਲ ਸਰਜਨ ਡਾ: ਪ੍ਰਿੰਸ ਸੋਢੀ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੀਟਿਵ ਦੇ 473 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਦੇ 194, ਨਾਭਾ ਤੋਂ 25, ਸਮਾਣਾ ਤੋਂ 23, ਰਾਜਪੁਰਾ ਤੋਂ 50, ਬਲਾਕ ਭਾਦਸੋਂ ਤੋਂ 27, ਬਲਾਕ ਕੌਲੀ ਤੋਂ 17, ਬਲਾਕ ਹਰਪਾਲਪੁਰ ਤੋਂ 22, ਬਲਾਕ ਕਾਲੋਮਾਜਰਾ ਤੋਂ 69, ਦੁੱਧਨਸਾਧਾਂ ਤੋਂ 29 ਅਤੇ ਬਲਾਕ ਸੰਦੌੜ ਤੋਂ 17 ਮਾਮਲੇ ਸਾਹਮਣੇ ਆਏ ਹਨ।

ਜਿਸ ਕਾਰਨ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 59,864 ਅਤੇ ਐਕਟਿਵ ਕੇਸਾਂ ਦੀ ਗਿਣਤੀ 2697 ਹੋ ਗਈ ਹੈ। ਦੂਜੇ ਪਾਸੇ, ਵੀਰਵਾਰ ਨੂੰ ਲੁਧਿਆਣਾ ਵਿੱਚ 1048 ਨਵੇਂ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਹੋਰ ਜ਼ਿਲ੍ਹਿਆਂ ਦੇ 122 ਲੋਕ ਸੰਕਰਮਿਤ ਪਾਏ ਗਏ ਹਨ।

Exit mobile version