ਅਧਿਆਪਕ ਯੂਨੀਅਨ

ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਮਹਾਂ ਰੈਲੀ ਕਰਨ ਦਾ ਐਲਾਨ

ਚੰਡੀਗੜ੍ਹ 27 ਅਪ੍ਰੈਲ 2022: ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੌਜੂਦਾ ਕੈਬਨਿਟ ਮੰਤਰੀ ਤੇ ਵਿਧਾਇਕਾਂ ਵੱਲੋਂ 27 ਨਵੰਬਰ 2021 ਨੂੰ ਸਿੱਖਿਆ ਭਵਨ ਮੁਹਾਲੀ ਸਾਹਮਣੇ ਧਰਨੇ ਦੌਰਾਨ ਕੀਤਾ ਵਾਅਦਾ ਯਾਦ ਕਰਵਾਉਣ ਲਈ ‘ਵਾਅਦਾ ਪੂਰਾ ਕਰੇ ਸਰਕਾਰ’ ਮਹਾਂਰੈਲੀ 30 ਅਪ੍ਰੈਲ ਨੂੰ ਕੀਤੀ ਜਾ ਰਹੀ ਹੈ।

ਪੰਜਾਬ ਦੇ 13 ਹਜਾਰ ਕੱਚੇ ਅਧਿਆਪਕ ਹੋਣਗੇ ਇਕੱਠਾ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸਟੇਟ ਕਨਵੀਨਰ ਅਜਮੇਰ ਔਲਖ, ਦਵਿੰਦਰ ਸੰਧੂ, ਜਸਵੰਤ ਪੰਨੂੰ ਨੇ ਦੱਸਿਆ ਕਿ ਰੈਲੀ ਸੰਬੰਧੀ ਤਿਆਰੀ ਜ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ 30 ਅਪ੍ਰੈਲ ਦੀ ਰੈਲੀ ਦਾ ਹੀ ਡਰ ਸੀ ਕਿ ਆਮ ਆਦਮੀ ਸਰਕਾਰ ਨੇ 144 ਧਾਰਾ ਲਾ ਦਿੱਤੀ ਹੈ ਕਿ ਅਧਿਆਪਕ ਡਰ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 13 ਹਜਾਰ ਕੱਚੇ ਅਧਿਆਪਕ ਆਰਥਿਕ ਸ਼ੋਸ਼ਣ ਤੋਂ ਅੱਕੇ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਰਥਿਕ ਗੁਲਾਮੀ ਦੀਆਂ ਬੇੜੀਆਂ ਆਪਣੀ ਏਕਤਾ ਤੇ ਇਕੱਠ ਨਾਲ ਤੋੜਨਗੇ ।

ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕ ਆਪਣੇ ਹੱਕਾਂ ਲਈ ਜਾਨ ਦੀ ਬਾਜੀ ਲਾ ਕੇ ਅਵਾਜ਼ ਬੁਲੰਦ ਕਰਨਗੇ, ਕਿਸੇ ਧਾਰਾ ਤੋਂ ਨਹੀਂ ਡਰਨਗੇ। ਉਨ੍ਹਾਂ ਕਿਹਾ ਧਰਨੇ ਲਗਾਉਣਾ ਸਾਡਾ ਸ਼ੌਕ ਨਹੀਂ ਸਗੋਂ ਅੱਕ ਕੇ ਰੈਲੀਆ ਕਰਨੀਆ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਿਨਾ ਰੈਲੀ ਧਰਨਿਆਂ ਤੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਵੇ ਤਾਂ ਫਿਰ ਅਧਿਆਪਕਾਂ ਨੂੰ ਅਜਿਹੇ ਕਦਮ ਨਾ ਚੁੱਕਣੇ ਪੈਣ।

ਯੂਨੀਅਨ ਆਗੂਆਂ ਨੇ ਕਿਹਾ ਕਿ ਕੱਚੇ ਅਧਿਆਪਕ ਹੁਣ ਹੋਰ ਸ਼ੋਸ਼ਣ ਬਰਦਾਸ਼ਤ ਨਹੀਂ ਕਰਨਗੇ ਅਤੇ ਸਾਰੇ ਅਧਿਆਪਕ ਸਾਥੀ ਸਕੂਲਾਂ ਵਿੱਚ ਮਿਹਨਤ ਕਰਨ ਦੇ ਨਾਲ ਨਾਲ ਆਪਣੇ ਹਿੱਤਾਂ ਲਈ ਵੀ ਮੁਹਾਲੀ ਵਿਖੇ ਜ਼ੋਰਦਾਰ ਢੰਗ ਨਾਲ ਅਵਾਜ਼ ਬੁਲੰਦ ਕਰਨਗੇ।ਇਸ ਸਮੇਂ ਸੂਬਾਈ ਆਗੂ ਜੁਝਾਰ ਸਿੰਘ, ਗੁਰਚਰਨ ਸਿੰਘ, ਨਵਦੀਪ ਸਿੰਘ ਬਰਾਡ਼, ਵੀਰਪਾਲ ਸਿੰਘ, ਕੁਲਦੀਪ ਸਿੰਘ ਬੱਡੂਵਾਲ, ਬੇਅੰਤ ਸਿੰਘ, ਕੁਲਵਿੰਦਰ ਸਿੰਘ, ਸਤਿੰਦਰ ਕੰਗ, ਮਹੇਸ਼ਇੰਦਰ ਸਿੰਘ ਆਦਿ ਵੀ ਹਾਜ਼ਰ ਸਨ।

Scroll to Top