Site icon TheUnmute.com

ਉਸਾਰੀ ਕਿਰਤੀਆਂ ਨੂੰ ਸਕੀਮਾਂ ਦਾ ਲਾਭ ਲੈਣ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ ਨਾਲ ਰਜਿਸਟਰਡ ਹੋਣਾ ਲਾਜ਼ਮੀ: ਡਾ. ਸੇਨੂੰ ਦੁੱਗਲ

Punjab Handicraft Festival

ਫਾਜ਼ਿਲਕਾ, 18 ਅਪ੍ਰੈਲ 2023: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Dr. Senu Duggal) ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਸਬੰਧਿਤ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀਆਂ ਨੂੰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋਣਾ ਬਹੁਤ ਹੀ ਜ਼ਰੂਰੀ ਹੈ ਅਤੇ ਰਜਿਸਟਰਡ ਉਸਾਰੀ ਕਿਰਤੀ ਹੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਸਾਰੀ ਕਿਰਤੀਆਂ ਨਾਲ ਸਬੰਧਤ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਉੱਤੇ ਪਹੁੰਚਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਕਿਰਤੀ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ ।
ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕੰਮ ਨਾਲ ਸਬੰਧਿਤ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ/ਸੀਮਿੰਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਤਕਨੀਕੀ/ਕਲੈਰੀਕਲ ਕੰਮ ਕਰਨ ਵਾਲੇ, ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ, ਟੈਲੀਫ਼ੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਤੇ ਉਸਾਰੀ, ਮੁਰੰਮਤ ਦਾ ਕੰਮ ਕਰਨ ਵਾਲੇ ਉਸਾਰੀ ਕਿਰਤੀ ਸ਼ਾਮਲ ਹਨ।

ਉਨ੍ਹਾਂ (Dr. Senu Duggal) ਦੱਸਿਆ ਕਿ ਰਜਿਸਟਰਡ ਲਾਭਪਾਤਰੀ ਬਣਨ ਲਈ ਉਸਾਰੀ ਕਿਰਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਸ ਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਕਿਰਤੀ ਵਜੋਂ ਕੰਮ ਕੀਤਾ ਹੋਣਾ ਚਾਹੀਦਾ ਹੈ। ਰਜਿਸਟਰਡ ਹੋਣ ਲਈ ਉਸਾਰੀ ਕਿਰਤੀ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ ਜਾ ਗੂਗਲ ਪਲੇਅ ਸਟੋਰ ਤੋਂ “Punjab Kirti Sahayak’ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਰਜਿਸਟਰਡ ਹੋਣ ਲਈ ਉਸ ਪਾਸ ਆਧਾਰ ਕਾਰਡ, ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਉਸਾਰੀ ਕਿਰਤੀ ਬੋਰਡ ਅਧੀਨ ਲਾਭਪਾਤਰੀ ਬਣਨ ਉਪਰੰਤ ਵਿਭਾਗ ਦੀਆਂ ਭਿੰਨ-ਭਿੰਨ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਹੱਕਦਾਰ ਬਣ ਜਾਂਦਾ ਹੈ।

ਲੇਬਰ ਇੰਸਪੈਕਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਭਲਾਈ ਸਕੀਮਾਂ ਅਧੀਨ ਪੜ੍ਹ ਰਹੇ ਬੱਚਿਆਂ ਲਈ ਵਜ਼ੀਫ਼ਾ ਸਕੀਮਾਂ, ਐਕਸ ਗ੍ਰੇਸ਼ੀਆ ਸਕੀਮ, ਬੇਟੀ ਦੇ ਵਿਆਹ ਲਈ ਸ਼ਗਨ ਸਕੀਮ, ਪ੍ਰਸੂਤਾ ਲਾਭ ਸਕੀਮ, ਦਾਹ ਸੰਸਕਾਰ ਲਈ ਰਾਸ਼ੀ, ਯਾਤਰਾ ਭੱਤਾ ( ਐਲ.ਟੀ.ਸੀ), ਬਾਲੜੀ ਤੋਹਫ਼ਾ ਸਕੀਮ, ਜਨਰਲ ਸਰਜਰੀ, ਪੈਨਸ਼ਨ ਸਕੀਮ, ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਸ਼ਾਮਲ ਹਨ। ਇਸ ਤੋਂ ਇਲਾਵਾ ਲਾਭਪਾਤਰੀ 60 ਸਾਲ ਦੀ ਉਮਰ ਤੋਂ ਬਾਅਦ ਬੋਰਡ ਵੱਲੋਂ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰਡ ਹੋਣ ਲਈ ਕਿਰਤੀ ਕੋਲ ਆਪਣੇ ਅਤੇ ਆਪਣੇ ਪਰਿਵਾਰ ਦੇ ਅਧਾਰ ਕਾਰਡ ਦੀ ਫ਼ੋਟੋ ਕਾਪੀ, ਬੈਂਕ ਖਾਤੇ ਦੀ ਫ਼ੋਟੋ ਕਾਪੀ, ਪਰਿਵਾਰ ਦੀ ਗਰੁੱਪ ਫ਼ੋਟੋ, ਜਨਮ ਮਿਤੀ ਦਾ ਸਬੂਤ (ਪੈਨ ਕਾਰਡ, ਡਰਾਈਵਿੰਗ ਲਾਇਸੈਂਸ/ਸਕੂਲ ਸਰਟੀਫਿਕੇਟ ਆਦਿ) ਤੋਂ ਇਲਾਵਾ ਫਾਰਮ ਨੰਬਰ 27 ਅਤੇ 29 ਹੋਣੇ ਚਾਹੀਦੇ ਹਨ ।ਵਧੇਰੇ ਜਾਣਕਾਰੀ ਲਈ ਉਸਾਰੀ ਕਿਰਤੀ ਆਪਣੇ ਨੇੜਲੇ ਸੇਵਾ ਕੇਂਦਰ/ਸਹਾਇਕ ਕਿਰਤ ਕਮਿਸ਼ਨਰ ਜਾਂ ਕਿਰਤ ਇੰਸਪੈਕਟਰਾਂ ਜਾਂ pblabour.gov.in ਜਾਂ ਹੈਲਪਲਾਈਨ ਨੰਬਰ 1100 ਉੱਤੇ ਸੰਪਰਕ ਕਰ ਸਕਦੇ ਹਨ ।

Exit mobile version