Site icon TheUnmute.com

ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਵਲੋਂ ਰੋਸ਼ ਪ੍ਰਦਰਸ਼ਨ, ਕਿਹਾ ਚੀਨ ਦੀ ਘੁਸਪੈਠ ਦਾ ਜਵਾਬ ਦੇਵੇ ਕੇਂਦਰ ਸਰਕਾਰ

Congress

ਚੰਡੀਗੜ੍ਹ 20 ਦਸੰਬਰ 2022: ਕਾਂਗਰਸ (Congress) ਨੇਤਾ ਸੋਨੀਆ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ‘ਚ ਭਾਰਤੀ ਅਤੇ ਚੀਨੀ ਫੌਜ ਦਸਤਿਆਂ ਵਿਚਾਲੇ ਹੋਏ ਟਕਰਾਅ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸੰਸਦ ਕੰਪਲੈਕਸ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ।

ਵਿਰੋਧੀ ਧਿਰ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੀਨ ਨਾਲ ਟਕਰਾਅ ‘ਤੇ ਸੰਸਦ ‘ਚ ਚਰਚਾ ਹੋਣੀ ਚਾਹੀਦੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਚਰਚਾ ਨਾ ਕਰਵਾਉਣ ‘ਤੇ ਅੜੀ ਹੋਈ ਹੈ, ਜਦਕਿ ਜਨਤਾ ਅਤੇ ਸਦਨ ਸਰਹੱਦ ਦੀ ਅਸਲ ਸਥਿਤੀ ਜਾਣਨਾ ਚਾਹੁੰਦੇ ਹਨ। ਸੋਨੀਆ ਗਾਂਧੀ ਨੇ ਪੁੱਛਿਆ ਕਿ ਸਰਕਾਰ ਆਰਥਿਕ ਪਾਬੰਦੀਆਂ ਲਗਾ ਕੇ ਚੀਨ ਦੇ ਹਮਲੇ ਦਾ ਜਵਾਬ ਕਿਉਂ ਨਹੀਂ ਦੇ ਰਹੀ?

ਸੀਪੀਪੀ ਦੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਨਿਰਾਸ਼ਾਜਨਕ ਹੈ, ਜਦਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਭ ਕੁਝ ਠੀਕ ਹੈ। ਪ੍ਰਧਾਨ ਮੰਤਰੀ ਨੇ ਕੁਝ ਨਿਯੁਕਤੀ ਪੱਤਰ ਵੰਡੇ ਜਦੋਂ ਕਿ ਕਰੋੜਾਂ ਲੋਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ।

ਇਸਦੇ ਨਾਲ ਹੀ ਦਿੱਲੀ ਤੋਂ ਕਾਂਗਰਸ (Congress) ਦੇ ਸੰਸਦ ਮੈਂਬਰ ਪੀ ਚਿਦੰਬਰਮ ਨੇ ਕਿਹਾ ਕਿ ਅਸੀਂ ਚੀਨ ‘ਤੇ ਚਰਚਾ ਕਰਨਾ ਚਾਹੁੰਦੇ ਹਾਂ। ਭਾਰਤ ਸਰਹੱਦ ਵਿੱਚ ਚੀਨ ਦੀ ਘੁਸਪੈਠ ਕਿਉਂ ਨਹੀਂ ਰੋਕੀ ਜਾ ਰਹੀ ?ਅਸੀਂ ਸਿਰਫ਼ ਇਹ ਜਾਣਨਾ ਚਾਹੁੰਦੇ ਹਾਂ ਕਿ ਤਿਆਰੀ ਦਾ ਪੱਧਰ ਕੀ ਹੈ? ਇਸਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਭਾਰਤ-ਚੀਨ ਦੇ ਮੁੱਦੇ ‘ਤੇ ਸਦਨ ‘ਚ ਚਰਚਾ ਚਾਹੁੰਦੇ ਹਾਂ, ਜੇਕਰ ਚਰਚਾ ਨਹੀਂ ਹੁੰਦੀ ਹੈ ਅਤੇ ਇਕਪਾਸੜ ਜਵਾਬ ਹੁੰਦਾ ਹੈ ਤਾਂ ਇਸ ਦਾ ਕੀ ਮਤਲਬ ਹੈ?

Exit mobile version