Congress

ਕਾਂਗਰਸ ਨੇ ਮਹਿੰਗਾਈ ਦੇ ਵਿਰੁੱਧ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ 03 ਅਪ੍ਰੈਲ 2022: ਦੇਸ਼ ‘ਚ ਵੱਧ ਰਹੀ ਮਹਿੰਗਾਈ ਦੌਰਾਨ ਤੇਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ | ਇਸਦੇ ਨਾਲ ਹੀ ਜਰੂਰੀ ਵਸਤਾਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ | ਇਸਦੇ ਚੱਲਦੇ ਜ਼ਿਲ੍ਹਾ ਕਾਂਗਰਸ (Congress) ਸ਼ਹਿਰੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਹਿੰਗਾਈ ਵਿਰੁੱਧ ਵੱਡੀ ਗਿਣਤੀ ਕਾਂਗਰਸੀ ਵਰਕਰ ਫਾਇਰ ਬਿਗ੍ਰੇਡ ਚੌਕ ‘ਚ ਇਕੱਠੇ ਹੋਏ ਅਤੇ ਉੱਥੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਰੁਣ ਵਧਾਵਨ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹਰ ਰੋਜ਼ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਲਗਾਤਾਰ ਕੇਂਦਰ ਸਰਕਾਰ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਰ ਵਸਤੂ ਦਾ ਰੇਟ ਅਸਮਾਨ ਨੂੰ ਛੂਹਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਸਲ ‘ਚ ਕਾਰਪੋਰੇਟ ਘਰਾਣੇ ਚਲਾ ਰਹੇ ਹਨ ਜਿਨ੍ਹਾਂ ਨੂੰ ਫ਼ਾਇਦਾ ਦੇਣ ਲਈ ਲਗਾਤਾਰ ਤੇਲ ਕੀਮਤਾਂ ਅਤੇ ਰਸੋਈ ਗੈਸ ਦੇ ਭਾਅ ਚ ਵਾਧਾ ਕੀਤਾ ਜਾ ਰਿਹਾ ਹੈ।

ਕਾਂਗਰਸ ਨੇ ਭਾਜਪਾ ਨੂੰ ਦੱਸਿਆ ਲੋਟੂ ਪਾਰਟੀ

ਉਨ੍ਹਾਂ ਕਿਹਾ ਕਿ ਅਸਲ ‘ਚ ਭਾਰਤੀ ਜਨਤਾ ਪਾਰਟੀ ਦਾ ਨਾਮ ਭਾਰਤੀ ਲੋਟੂ ਪਾਰਟੀ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਇਹ ਲਗਾਤਾਰ ਲੋਕਾਂ ਦੀ ਲੁੱਟ ਕਰ ਰਹੀ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਨ ਗਰਗ ਨੇ ਆਖਿਆ ਕਿ ਮਹਿੰਗਾਈ ਇਸ ਕਦਰ ਵਧ ਗਈ ਹੈ ਕਿ ਖਾਣ ਪੀਣ ਵਾਲੀਆਂ ਵਸਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ ਜਦੋਂਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਛੇ ਦਿਨ ਦੇ ਦਾਅਵੇ ਕਰਨ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੇ ਸ਼ਾਸਨ ਵਿਚ ਲੋਕਾਂ ਦੇ ਸਭ ਤੋਂ ਮਾੜੇ ਦਿਨ ਚੱਲ ਰਹੇ ਹਨ।

Scroll to Top