July 7, 2024 5:27 pm
Alka Lamba

ਅਲਕਾ ਲਾਂਬਾ ਦੀ ਥਾਣਾ ਰੂਪਨਗਰ ‘ਚ ਪੇਸ਼ੀ ਦੌਰਾਨ ਪਹੁੰਚੀ ਕਾਂਗਰਸ ਲੀਡਰਸ਼ਿਪ

ਚੰਡੀਗੜ੍ਹ 27 ਅਪ੍ਰੈਲ 2022: ਕਾਂਗਰਸੀ ਆਗੂ ਅਲਕਾ ਲਾਂਬਾ (Alka Lamba) ਪੇਸ਼ੀ ਲਈ ਥਾਣਾ ਰੂਪਨਗਰ (Rupnagar) ਪਹੁੰਚੇ । ਇਸ ਦੌਰਾਨ ਅਲਕਾ ਲਾਂਬਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਵੀ ਨਾਲ ਪਹੁੰਚੀ । ਇਸ ਦੌਰਾਨ ਉੱਥੇ ਹੀ ਕਾਂਗਰਸੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਅੰਦਰ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ।

ਰਾਜਾ ਵੜਿੰਗ ਨੇ ਆਪਣੀ ਫੇਸਬੁੱਕ ਪੋਸਟ ’ਤੇ ਇਕ ਪੋਸਟ ਰਾਹੀਂ ਅਲਕਾ ਲਾਂਬਾ ਨਾਲ ਆਉਣ ਦਾ ਵੀ ਸੰਕੇਤ ਦਿੰਦਿਆਂ ਲਿਖਿਆ ਕਿ ਅਸੀਂ ਆ ਰਹੇ ਹਾਂ ਰੋਪੜ ਅਲਕਾ ਲਾਂਬਾ ਜੀ ਨਾਲ, ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਪੋਸਟ ’ਚ ਅਲਕਾ ਲਾਂਬਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ।

ਜ਼ਿਕਰਯੋਗ ਕਿ ਪੰਜਾਬ ਪੁਲਿਸ ਨੇ ਕਵੀ ਕੁਮਾਰ ਵਿਸ਼ਵਾਸ ’ਤੇ ਪਰਚਾ ਦਰਜ ਕੀਤਾ ਸੀ। ਬਾਅਦ ’ਚ ਅਲਕਾ ਲਾਂਬਾ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਪੰਜਾਬ ਪੁਿਲਸ ਨੇ ਦਿੱਲੀ ਅਤੇ ਗਾਜ਼ੀਆਬਾਦ ਜਾ ਕੇ ਦੋਵਾਂ ਆਗੂਆਂ ਦੇ ਘਰਾਂ ’ਤੇ ਨੋਟਿਸ ਚਿਪਕਾ ਦਿੱਤੇ ਹਨ। ਹਾਲਾਂਕਿ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕੁਮਾਰ ਵਿਸ਼ਵਾਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਲਾਂਬਾ ਨੇ ਕਿਹਾ, ‘ਦਿੱਲੀ ਦੀ ਧੀ ਨੂੰ ਪੰਜਾਬ ਖਿੱਚਣਾ ਪਵੇਗਾ ਭਾਰੀ’

ਜ਼ਿਕਰਯੋਗ ਹੈ ਕਿ ਅਲਕਾ ਲਾਂਬਾ (Alka Lamba) ਨੇ ਇਕ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਹ ਪੰਜਾਬ ਆ ਚੁੱਕੀ ਹੈ ਅਤੇ ਅਜਿਹੇ ਮਾਮਲਿਆਂ ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਦਿੱਲੀ ਦੀ ਧੀ ਨੂੰ ਪੰਜਾਬ ’ਚ ਘਸੀਟਣਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪਵੇਗਾ।