ਜਲੰਧਰ 26 ਮਾਰਚ 2022 : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa ) ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੈਨਸ਼ਨ ਸਬੰਧੀ ਲਏ ਫੈਸਲੇ ਦਾ ਸਵਾਗਤ ਕੀਤਾ ਹੈ। ਸੁਖਜਿੰਦਰ ਰੰਧਾਵਾ (Sukhjinder Randhawa) ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਚੰਗੇ ਫੈਸਲਿਆਂ ਦਾ ਹਮੇਸ਼ਾ ਸਵਾਗਤ ਕਰਨਗੇ। ਮੁੱਖ ਮੰਤਰੀ ਨੂੰ ਹੁਣ ਵੋਟਾਂ ਦੌਰਾਨ ਦਿੱਤੀਆਂ ਗਰੰਟੀਆਂ ਨੂੰ ਵੀ ਲਾਗੂ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਨਤਾ ‘ਤੇ ਜਿੰਨਾ ਘੱਟ ਬੋਝ ਪਾਇਆ ਜਾਵੇਗਾ, ਓਨਾ ਹੀ ਚੰਗਾ ਹੋਵੇਗਾ। ਥੋੜੀ ਜਿਹੀ ਬੱਚਤ ਕਰਨ ਨਾਲ ਖ਼ਜ਼ਾਨੇ ਨੂੰ ਸੰਭਾਲਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਸਬਸਿਡੀ ਨੂੰ ਜਾਰੀ ਰੱਖਿਆ ਜਾਵੇ। ਇਸ ਤੋਂ ਇਲਾਵਾ ਹੁਣ ਸਰਕਾਰ ਨੂੰ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਵੀ ਲਾਗੂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ (Pargat Singh) ਨੇ ਵੀ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨੂੰ ਇੱਕੋ ਜਿਹੀ ਪੈਨਸ਼ਨ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਜਿਹੇ ਲੋਕ ਪੱਖੀ ਫੈਸਲਿਆਂ ਦਾ ਸਮਰਥਨ ਕਰਨਗੇ।